ਜੋਗਿੰਦਰ ਸਿੰਘ ਮਾਨ
ਮਾਨਸਾ, 30 ਜਨਵਰੀ
ਮਾਲਵਾ ਖੇਤਰ ਵਿੱਚ ਭਾਵੇਂ ਹੁਣ ਦਿਨੇ ਚੰਗੀਆਂ ਧੁੱਪਾਂ ਲੱਗਣ ਲੱਗੀਆਂ ਹਨ, ਪਰ ਰਾਤਾਂ ਨੂੰ ਅਜੇ ਵੀ ਪਹਿਲਾਂ ਨਾਲੋਂ ਵੱਧ ਠੰਢ ਪੈ ਰਹੀ ਹੈ। ਪਹਾੜਾਂ ਵਿੱਚ ਲਗਾਤਾਰ ਪੈ ਰਹੀ ਬਰਫ਼ਬਾਰੀ ਦਾ ਅਸਰ ਮਾਲਵਾ ਦੇ ਮੈਦਾਨੀ ਇਲਾਕਿਆਂ ਵਿੱਚ ਵੇਖਣ ਨੂੰ ਮਿਲ ਰਿਹਾ ਹੈ ਅਤੇ ਲਗਾਤਾਰ ਪੈ ਰਹੀ ਧੁੰਦ ਕਾਰਨ ਆਮ ਜਨ-ਜੀਵਨ ਉਪਰ ਮਾੜਾ ਅਸਰ ਪੈ ਰਿਹਾ ਹੈ। ਮੌਸਮ ਮਹਿਕਮੇ ਦੀ ਰਿਪੋਰਟ ਮੁਤਾਬਕ ਮਾਲਵਾ ਖੇਤਰ ਵਿੱਚ 2 ਤੋਂ 4 ਫਰਵਰੀ ਦੇ ਦਰਮਿਆਨ ਮੁੜ ਮੀਂਹ ਪੈਣ ਦੀਆਂ ਸੰਭਾਵਨਾਵਾਂ ਵੱਧ ਗਈਆਂ ਹਨ, ਜਿਸ ਨਾਲ ਠੰਢ ਦੇ ਹੋਰ ਲੰਬਾ ਸਮਾਂ ਚੱਲ ਸਕਦੀ ਹੈ। ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਦੇ ਮੌਸਮ ਮਹਿਕਮੇ ਦੇ ਵਿਗਿਆਨੀ ਡਾ. ਰਾਜ ਕੁਮਾਰ ਪਾਲ ਨੇ ਦੱਸਿਆ ਕਿ ਪੱਛਮੀ ਹਿਮਾਲਿਆ ਦੇ ਉਪਰਲਿਆਂ ਹਿੱਸਿਆਂ ਵਿੱਚ ਹਲਕੀ ਬਾਰਸ਼ ਅਤੇ ਬਰਫ਼ਬਾਰੀ ਦੀ ਜਾਣਕਾਰੀ ਮਿਲੀ ਹੈ, ਜਿਸ ਤੋਂ ਜਾਪਦਾ ਹੈ ਕਿ ਮਾਲਵਾ ਖੇਤਰ ਦੇ ਮੈਦਾਨ ਇਲਾਕਿਆਂ ਵਿੱਚ ਅਗਲੇ ਦਿਨਾਂ ਦੌਰਾਨ ਸੀਤ ਲਹਿਰ ਤੋਂ ਛੁਟਕਾਰਾ ਨਹੀਂ ਮਿਲ ਸਕੇਗਾ। ਉਨ੍ਹਾਂ ਕਿਹਾ ਕਿ ਭਾਵੇਂ ਕਈ ਖੇਤਰਾਂ ਵਿੱਚ ਸੰਘਣੀ ਅਤੇ ਦਰਮਿਆਨੀ ਧੁੰਦ ਪੈ ਰਹੀ ਹੈ, ਪਰ ਦਿਨ ਦਾ ਪਾਰਾ ਬਹੁਤ ਉਪਰ ਚਲਿਆ ਗਿਆ ਹੈ ਅਤੇ ਜ਼ਿਆਦਾ ਗਰਮ ਕੱਪੜਿਆਂ ਕਾਰਨ ਕਈ ਵਾਰ ਧੁੱਪ ਝੱਲੀ ਨਹੀਂ ਜਾਂਦੀ ਹੈ। ਉਨ੍ਹਾਂ ਦੱਸਿਆ ਕਿ ਹੁਣ ਘੱਟੋ-ਘੱਟ ਤਾਪਮਾਨ 3 ਤੋਂ 4 ਡਿਗਰੀ ਤੱਕ ਚੱਲ ਰਿਹਾ ਹੈ ਅਤੇ ਇਸ ਤਾਪਮਾਨ ਦੇ ਹੋਰ ਵੀ ਥੱਲੇ ਆਉਣ ਦੀ ਸੰਭਾਵਨਾ ਹੈ। ਉਨ੍ਹਾਂ ਦੱਸਿਆ ਕਿ ਮਾਨਸਾ ਸਮੇਤ ਬਠਿੰਡਾ, ਬਰਨਾਲਾ, ਮੋਗਾ, ਫਿਰੋਜ਼ਪੁਰ ਅਤੇ ਮੁਕਤਸਰ ਵਿੱਚ 4 ਡਿਗਰੀ ਤੋਂ ਘੱਟੋ-ਘੱਟ ਹੇਠਾਂ ਪਾਰਾ ਰਹਿਣ ਦੀਆਂ ਸੂਚਨਾਵਾਂ ਹਾਸਲ ਹੋਈਆਂ ਹਨ, ਜਦੋਂਕਿ ਦਿਨ ਦਾ ਤਾਪਮਾਨ 15 ਤੋਂ 18 ਡਿਗਰੀ ਰਹਿਣ ਦੀਆਂ ਰਿਪੋਰਟਾਂ ਸਾਹਮਣੇ ਆਈਆਂ ਹਨ। ਇਸੇ ਦੌਰਾਨ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਦੇ ਬਠਿੰਡਾ ਸਥਿਤ ਖੇਤਰੀ ਖੋਜ ਕੇਂਦਰ ਦੇ ਵਿਗਿਆਨੀ ਡਾ. ਜੀ.ਐਸ ਰੋਮਾਣਾ ਨੇ ਆਖਿਆ ਕਿ ਲਗਾਤਾਰ ਮੀਂਹਾਂ ਅਤੇ ਧੁੰਦਾਂ ਦੇ ਪੈਣ ਕਾਰਨ ਕਣਕ ਸਮੇਤ ਹੋਰ ਹਾੜ੍ਹੀ ਦੀਆਂ ਮੁੱਖ ਫ਼ਸਲਾਂ ਵਿੱਚ, ਜੋ ਨਦੀਨ ਵੱਡੀ ਪੱਧਰ ’ਤੇ ਉਗ ਆਏ ਹਨ, ਉਨ੍ਹਾਂ ਨੂੰ ਖ਼ਤਮ ਕਰਨਾ ਹੁਣ ਜ਼ਰੂਰੀ ਹੋ ਗਿਆ ਹੈ, ਕਿਉਂਕਿ ਇਹ ਫ਼ਸਲਾਂ ਦਾ ਵਾਧਾ ਰੋਕ ਦੇਣਗੇ। ਉਨ੍ਹਾਂ ਕਿਹਾ ਕਿ ਕਿਸਾਨ ਇਹਨਾਂ ਨਦੀਨਾਂ ਨੂੰ ਮਾਰਨ ਲਈ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੀਆਂ ਸਿਫਾਰਸ਼ ਕੀਤੀਆਂ ਸਪਰੇਆਂ ਦੀ ਵਰਤੋਂ ਕਰ ਸਕਦੇ ਹਨ।