ਜਸਵੰਤ ਜੱਸ
ਫ਼ਰੀਦਕੋਟ, 7 ਨਵੰਬਰ
ਬੌਲੀਵੁੱਡ ਅਦਕਾਰ ਅਕਸ਼ੈ ਕੁਮਾਰ ਅਤੇ ਕੰਗਨਾ ਰਣੌਤ ਦੀ ਹਿੰਦੀ ਫ਼ਿਲਮ ਸੂਰਿਆਵੰਸ਼ੀ ਦਾ ਕਿਸਾਨਾਂ ਨੇ ਇੱਥੇ ਡਟ ਕੇ ਵਿਰੋਧ ਕੀਤਾ। ਕਿਸਾਨਾਂ ਨੇ ਐਲਾਨ ਕੀਤਾ ਕਿ ਅਕਸ਼ੈ ਕੁਮਾਰ ਅਤੇ ਕੰਗਨਾ ਰਣੌਤ ਦੀ ਫ਼ਿਲਮ ਨੂੰ ਪੰਜਾਬ ਵਿੱਚ ਨਹੀਂ ਚੱਲਣ ਦਿੱਤਾ ਜਾਵੇਗਾ ਕਿਉਂਕਿ ਉਹ ਕਿਸਾਨ ਵਿਰੋਧੀ ਭਾਜਪਾ ਦੇ ਇਸ਼ਾਰਿਆਂ ’ਤੇ ਚੱਲ ਰਹੇ ਹਨ ਅਤੇ ਇਨ੍ਹਾਂ ਅਦਾਕਾਰਾਂ ਨੇ ਕਿਸਾਨੀ ਅੰਦੋਲਨ ਨੂੰ ਅਸਫਲ ਬਣਾਉਣ ਲਈ ਘਿਨਾਉਣੀਆਂ ਹਰਕਤਾਂ ਕੀਤੀਆਂ ਅਤੇ ਇਸ ਦੇ ਨਾਲ ਹੀ ਕਿਸਾਨਾਂ ਨੂੰ ਬਦਨਾਮ ਕਰਨ ਲਈ ਸਾਜ਼ਿਸ਼ਾਂ ਰਚੀਆਂ। ਭਾਰਤੀ ਕਿਸਾਨ ਯੂਨੀਅਨ ਕਾਦੀਆਂ ਦੇ ਸੂਬਾ ਆਗੂ ਗੁਰਮੀਤ ਸਿੰਘ ਗੋਲੇਵਾਲਾ ਅਤੇ ਜ਼ਿਲ੍ਹਾ ਪ੍ਰਧਾਨ ਰੁਪਿੰਦਰ ਸਿੰਘ ਰੁਪਈਆਂਵਾਲਾ ਨੇ ਕਿਹਾ ਕਿ ਉਨ੍ਹਾਂ ਨੇ ਰੋਸ ਵਜੋਂ ਹਿੰਦੀ ਫ਼ਿਲਮ ਦੇ ਪੋਸਟਰ ਸਾੜੇ ਹਨ ਅਤੇ ਨਾਲ ਹੀ ਸਿਨੇਮਾ ਮਾਲਕਾਂ ਨੂੰ ਅਪੀਲ ਕੀਤੀ ਹੈ ਕਿ ਉਹ ਕਿਸਾਨ ਅਤੇ ਦੇਸ਼ ਵਿਰੋਧੀ ਅਕਸ਼ੈ ਕੁਮਾਰ ਅਤੇ ਕੰਗਨਾ ਰਣੌਤ ਦੀ ਫ਼ਿਲਮ ਨੂੰ ਆਪਣੇ ਸਿਨੇਮਾ ਘਰਾਂ ਵਿੱਚ ਨਾ ਚਲਾਉਣ। ਜ਼ਿਲ੍ਹਾ ਪੁਲੀਸ ਮੁਖੀ ਵਰੁਣ ਕੁਮਾਰ ਨੇ ਕਿਹਾ ਕਿ ਕਿਸਾਨਾਂ ਨੇ ਫਰੀਦਕੋਟ ਸ਼ਹਿਰ ਦੇ ਗਿੱਲ ਮਲਟੀਪਲੈਕਸ ਸਿਨੇਮਾ ਦੇ ਬਾਹਰ ਆਪਣਾ ਸ਼ਾਂਤਮਈ ਰੋਸ ਜਤਾਇਆ ਹੈ। ਇਸ ਲਈ ਇਸ ਮਾਮਲੇ ਵਿਚ ਪੁਲੀਸ ਨੇ ਕਿਸੇ ਤਰ੍ਹਾਂ ਦੀ ਕੋਈ ਕਾਰਵਾਈ ਨਹੀਂ ਕੀਤੀ। ਇਸੇ ਤਰ੍ਹਾਂ ਫਰੀਦਕੋਟ ਦੇ ਕੁਝ ਨੌਜਵਾਨਾਂ ਨੇ ਵੀ ਕਿਸਾਨਾਂ ਦੇ ਹੱਕ ਵਿੱਚ ਨਿੱਤਰਦਿਆਂ ਅਕਸ਼ੇ ਕੁਮਾਰ ਦੀ ਫ਼ਿਲਮ ਦੇ ਪੋਸਟਰ ਪਾੜੇ। ਅਰਮਾਨਦੀਪ ਸਿੰਘ ਵਾਸੀ ਫ਼ਰੀਦਕੋਟ ਨੇ ਕਿਹਾ ਕਿ ਉਹ ਅਕਸ਼ੈ ਕੁਮਾਰ ਦੀ ਫ਼ਿਲਮ ਨਾ ਤਾਂ ਵੇਖਣਗੇ ਅਤੇ ਨਾ ਹੀ ਚੱਲਣ ਦੇਣਗੇ। ਕਿਸਾਨ ਆਗੂ ਨੇ ਕਿਹਾ ਕਿ ਉਨ੍ਹਾਂ ਨੇ ਅਕਸ਼ੈ ਕੁਮਾਰ ਦੀ ਸਿੰਘ ਇਜ਼ ਬਲਿੰਗ ਅਤੇ ਸਿੰਘ ਇਜ਼ ਕਿੰਗ ਵਰਗੀਆਂ ਫ਼ਿਲਮਾਂ ਨੂੰ ਬਹੁਤ ਸਨਮਾਨ ਦਿੱਤਾ ਸੀ, ਇਸ ਦੇ ਬਾਵਜੂਦ ਇਸ ਅਦਾਕਾਰ ਨੇ ਲੋਕ ਵਿਰੋਧੀ ਹੋਣ ਦਾ ਸਬੂਤ ਦਿੱਤਾ। ਜਿਸ ਕਰਕੇ ਦੇਸ਼ ਭਰ ਦੇ ਕਿਸਾਨਾਂ ਵਿੱਚ ਇਨ੍ਹਾਂ ਅਦਾਕਾਰਾਂ ਖ਼ਿਲਾਫ਼ ਰੋਸ ਹੈ ਅਤੇ ਇਸ ਰੋਸ ਵਜੋਂ ਅੱਜ ਫ਼ਿਲਮਾਂ ਦੇ ਪੋਸਟਰ ਪਾੜੇ ਅਤੇ ਸਾੜੇ ਗਏ ਹਨ।