ਜਸਵੰਤ ਜੱਸ
ਫਰੀਦਕੋਟ, 7 ਮਾਰਚ
ਫਰੀਦਕੋਟ ਜ਼ਿਲ੍ਹੇ ਦੇ ਕਾਰੋਬਾਰੀਆਂ ਤੋਂ ਕਥਿਤ ਤੌਰ ’ਤੇ ਗੈਂਗਸਟਰਾਂ ਵੱਲੋਂ ਫਿਰੌਤੀਆਂ ਮੰਗੀਆਂ ਜਾ ਰਹੀਆਂ ਹਨ। ਜਿਲਾ ਪੁਲੀਸ ਨੇ ਫਿਰੌਤੀ ਮੰਗਣ ਦੇ ਦੋ ਮਾਮਲਿਆਂ ’ਚ ਪਰਚਾ ਦਰਜ ਕੀਤਾ ਹੈ, ਪ੍ਰੰਤੂ ਅਜੇ ਤੱਕ ਕਿਸੇ ਦੀ ਵੀ ਗਿ੍ਫਤਾਰੀ ਨਹੀਂ ਹੋ ਸਕੀ। ਜਾਣਕਾਰੀ ਅਨੁਸਾਰ ਸਤਿੰਦਰ ਪਾਲ ਸਿੰਘ ਵਾਸੀ ਫਰੀਦਕੋਟ ਤੋਂ ਕਥਿਤ ਤੌਰ ’ਤੇ ਗੁਰਜਿੰਦਰ ਪਾਲ ਯਾਦਵ ਨਾਮ ਦੇ ਵਿਅਕਤੀ ਨੇ ਮੋਬਾਈਲ ’ਤੇ ਮੈਸੇਜ ਭੇਜ ਕੇ 25 ਲੱਖ ਰੁਪਏ ਦੀ ਫਿਰੋਤੀ ਮੰਗੀ ਸੀ। ਇਸੇ ਤਰ੍ਹਾਂ ਕੈਨੇਡਾ ਰਹਿੰਦੇ ਗੋਲਡੀ ਬਰਾੜ ਜਿਸ ਦੇ ਕਥਿਤ ਤੌਰ ’ਤੇ ਗੈਂਗਸਟਰਾਂ ਨਾਲ ਨਜ਼ਦੀਕੀ ਸਬੰਧ ਹਨ, ਨੇ ਕੋਟਕਪੂਰੇ ਦੇ ਮੈਡੀਕਲ ਸਟੋਰ ਦੇ ਮਾਲਕ ਤੋਂ ਫੋਨ ਕਾਲ ਕਰ ਕੇ 25 ਲੱਖ ਰੁਪਏ ਦੀ ਫਿਰੌਤੀ ਮੰਗੀ ਹੈ। ਜ਼ਿਲ੍ਹਾ ਪੁਲੀਸ ਮੁਖੀ ਸਵਰਨਦੀਪ ਸਿੰਘ ਨੇ ਕਿਹਾ ਕਿ ਫਰੀਦਕੋਟ ਅਤੇ ਕੋਟਕਪੂਰਾ ਵਿੱਚ ਗੈਂਗਸਟਰਾਂ ਵੱਲੋਂ ਫਿਰੌਤੀਆਂ ਮੰਗਣ ਦੇ ਮਾਮਲੇ ਵਿੱਚ ਗੁਰਜਿੰਦਰ ਪਾਲ ਸਿੰਘ ਯਾਦਵ, ਸਤਿੰਦਰ ਸਿੰਘ ਉਰਫ ਗੋਲਡੀ ਬਰਾੜ, ਇੱਕ ਸਹਾਇਕ ਥਾਣੇਦਾਰ ਸ਼ਮਸ਼ੇਰ ਸਿੰਘ ਖ਼ਿਲਾਫ਼ ਕੇਸ ਦਰਜ ਕਰ ਲਿਆ ਗਿਆ ਹੈ। ਪੀੜਤਾਂ ਨੇ ਪੁਲੀਸ ਨੂੰ ਲਿਖਤੀ ਸ਼ਿਕਾਇਤ ਕੀਤੀ ਹੈ ਕਿ ਏ.ਐੱਸ.ਆਈ. ਸ਼ਮਸ਼ੇਰ ਸਿੰਘ ਗੈਂਗਸਟਰ ਗੋਲਡੀ ਬਰਾੜ ਦਾ ਪਿਤਾ ਹੈ ਅਤੇ ਇਨ੍ਹਾਂ ਨੇ ਕੁਝ ਜਾਣਕਾਰਾਂ ਨੂੰ ਨਾਲ ਰਲਾ ਕੇ ਲੋਕਾਂ ਤੋਂ ਫਿਰੌਤੀਆਂ ਵਸੂਲਣ ਦਾ ਧੰਦਾ ਸ਼ੁਰੂ ਕੀਤਾ ਹੋਇਆ ਹੈ।