ਜਸਵੰਤ ਜੱਸ
ਫਰੀਦਕੋਟ, 7 ਜੂਨ
ਭਾਰਤ ਸਰਕਾਰ ਨੇ ਫ਼ਰੀਦਕੋਟ ਜ਼ਿਲ੍ਹੇ ਦੇ ਪਿੰਡਾਂ ਵਿੱਚ ਸਦੀ ਪਹਿਲਾਂ ਸਥਾਪਿਤ ਹੋਏ ਤਲਾਬਾਂ ਦਾ ਨਵੀਨੀਕਰਨ ਕਰਕੇ ਇਨ੍ਹਾਂ ਨੂੰ ਅੰਮ੍ਰਿਤ ਸਰੋਵਰਾਂ ਵਿੱਚ ਤਬਦੀਲ ਕਰਨ ਦਾ ਫੈਸਲਾ ਕੀਤਾ ਹੈ। ਇਸ ਮਕਸਦ ਲਈ ਜ਼ਿਲ੍ਹਾ ਪ੍ਰਸ਼ਾਸਨ ਨੇ ਬਕਾਇਦਾ ਸਰਵੇ ਵੀ ਕਰਵਾ ਲਿਆ ਹੈ ਅਤੇ ਇਨ੍ਹਾਂ ਪ੍ਰੋਜੈਕਟਾਂ ਉੱਪਰ ਕੰਮ ਵੀ ਸ਼ੁਰੂ ਕਰ ਦਿੱਤਾ ਹੈ। ਇਨ੍ਹਾਂ ਪ੍ਰਾਜੈਕਟਾਂ ਦੇ ਕੰਮ ਦੀ ਅਗਵਾਈ ਕਰਦਿਆਂ ਵਧੀਕ ਡਿਪਟੀ ਕਮਿਸ਼ਨਰ (ਵਿਕਾਸ) ਪ੍ਰੀਤ ਮਹਿੰਦਰ ਸਿੰਘ ਸਹੋਤਾ ਨੇ ਦੱਸਿਆ ਕਿ ਜਿਹੜੇ ਤਲਾਬਾਂ ਨੂੰ ਅੰਮ੍ਰਿਤ ਸਰੋਵਰ ਵਿੱਚ ਤਬਦੀਲ ਕੀਤਾ ਜਾ ਰਹੀ ਹੈ, ਉਨ੍ਹਾਂ ਦਾ ਖੇਤਰਫਲ ਲਗਪਗ ਇੱਕ ਏਕੜ ਹੋਵੇਗਾ ਅਤੇ ਇਨ੍ਹਾਂ ਵਿੱਚ ਪਾਣੀ ਦੀ ਸਮਰੱਥਾ 10 ਹਜ਼ਾਰ ਕਿਊਬਕ ਮੀਟਰ ਹੋਵੇਗੀ। ਉਨ੍ਹਾਂ ਦੱਸਿਆ ਕਿ ਹਰੇਕ ਤਲਾਬ ਦੇ ਆਲੇ-ਦੁਆਲੇ ਨਿਮ, ਬਰਗਦ ਜਾਂ ਪਿੱਪਲ ਦੇ ਰੁੱਖ ਲਾਜ਼ਮੀ ਤੌਰ ’ਤੇ ਲਾਏ ਜਾਣਗੇ। ਵਧੀਕ ਡਿਪਟੀ ਕਮਿਸ਼ਨਰ ਨੇ ਕਿਹਾ ਕਿ ਸ਼ਹੀਦਾਂ ਅਤੇ ਅਜ਼ਾਦੀ ਘੁਲਾਟੀਏ ਦੀ ਪਿੰਡਾਂ ਵਿੱਚ ਇਸ ਮੁਹਿੰਮ ਨੂੰ ਪਹਿਲ ਦੇ ਅਧਾਰ ‘ਤੇ ਲਾਗੂ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਭਾਰਤ ਸਰਕਾਰ ਦੇ ਇਸ ਵਿਲੱਖਣ ਅਤੇ ਉੱਤਮ ਪ੍ਰਾਜੈਕਟ ਨਾਲ ਪਿੰਡਾਂ ਦੀ ਨੁਹਾਰ ਬਦਲੇਗੀ ਅਤੇ ਪਾਣੀ ਦੀ ਕੁਦਰਤੀ ਸਾਂਭ-ਸੰਭਾਲ ਦੇ ਨਾਲ-ਨਾਲ ਚੌਗਿਰਦੇ ਵੀ ਵਿਕਸਿਤ ਹੋਣਗੇ। ਪ੍ਰਾਜੈਕਟ ਦੇ ਮੈਨੇਜਰ ਨੀਰਜ ਨੇ ਕਿਹਾ ਕਿ ਜਿਨ੍ਹਾਂ ਥਾਵਾਂ ‘ਤੇ ਇਹ ਪ੍ਰਾਜੈਕਟ ਸ਼ੁਰੂ ਕੀਤਾ ਗਿਆ ਹੈ, ਪ੍ਰਸ਼ਾਸ਼ਨਿਕ ਅਧਿਕਾਰੀਆਂ ਨੇ ਉਨ੍ਹਾਂ ਥਾਵਾਂ ਦਾ ਦੌਰਾ ਕਰਕੇ ਕੰਮ ਦਾ ਜਾਇਜ਼ਾ ਲਿਆ ਹੈ। ਵਧੀਕ ਡਿਪਟੀ ਕਮਿਸ਼ਨਰ ਪ੍ਰੀਤ ਮਹਿੰਦਰ ਸਿੰਘ ਸਹੋਤਾ ਨੇ ਕਿਹਾ ਕਿ ਇਹ ਪ੍ਰਾਜੈਕਟ ਤੈਅ ਸਮੇਂ ਵਿੱਚ ਮੁਕੰਮਲ ਹੋ ਜਾਣਗੇ।