ਮਹਿੰਦਰ ਸਿੰਘ ਰੱਤੀਆਂ
ਮੋਗਾ, 21 ਮਾਰਚ
ਬਾਘਾਪੁਰਾਣਾ ਵਿੱਚ ਆਮ ਆਦਮੀ ਪਾਰਟੀ ਦੇ ਕਿਸਾਨ ਮਹਾ-ਸੰਮੇਲਨ ਵਿੱਚ ਪੰਜਾਬੀ ਗਾਇਕਾ ਅਤੇ ਪਾਰਟੀ ਦੀ ਪੰਜਾਬ ਯੂਥ ਵਿੰਗ ਦੀ ਸਹਿ ਪ੍ਰਧਾਨ ਅਨਮੋਲ ਗਗਨ ਨੇ ਕਾਂਗਰਸ ਤੇ ਅਕਾਲੀ ਦਲ ’ਤੇ ਨਿਸ਼ਾਨਾ ਸਾਧਦਿਆਂ ਕਿਹਾ ਕਿ ਉਹ ਕਿਸਮਤ ਵਾਲੀ ਹੈ ਜੋ ਬਾਬੇ ਨਾਨਕ ਦੀ ਇਸ ਧਰਤੀ ’ਤੇ ਜੰਮੀ ਹੈ।
ਉਨ੍ਹਾਂ ਕਿਹਾ ਕਿ ‘ਬਾਬੇ ਨਾਨਕ ਦੀ ਧਰਤੀ ਉੱਜੜ ਰਹੀ ਹੈ’। ਕਿਸਾਨ ਸੜਕਾਂ ’ਤੇ ਖੜ੍ਹੇ ਨੇ। ਇਹ ਹਾਲਤ ਕਾਫ਼ੀ ਮਾੜੀ ਹੈ ਤੇ ਕੇਂਦਰ ਸਰਕਾਰ ਨੂੰ ਇਸ ਬਾਰੇ ਜ਼ਰੂਰ ਸੋਚਣਾ ਚਾਹੀਦਾ ਹੈ। ਉਨ੍ਹਾਂ ਅਕਾਲੀ ਦਲ ਤੇ ਕਾਂਗਰਸ ਸਰਕਾਰ ’ਤੇ ਵਰ੍ਹਦਿਆਂ ਕਿਹਾ ਕਿ ਜਦੋਂ 2022 ’ਚ ਆਮ ਆਦਮੀ ਪਾਰਟੀ ਦੀ ਸਰਕਾਰ ਆਵੇਗੀ ਤਾਂ ਸਭ ਤੋਂ ਪਹਿਲਾਂ ਪੰਜਾਬ ’ਚ ਦੁੱਖ ਦੇਣ ਵਾਲਿਆਂ ਨੂੰ ਜੇਲ੍ਹਾਂ ’ਚ ਸੁੱਟਿਆ ਜਾਵੇਗਾ। ਉਨ੍ਹਾਂ ਸੰਵੇਦਨਸ਼ੀਲ ਮੁੱਦਿਆਂ ਬਾਰੇ ਕਿਹਾ ਕਿ ਲੋਕਾਂ ਨੇ ’47 ਦੇਖ ਲਈ ਹੈ ਅਤੇ 84 ਵੀ ਦੇਖ ਲਈ ਹੈ, ਪਰ ਸੱਟਾਂ ਅੱਜ ਵੀ ਤਾਜ਼ੀਆਂ ਹਨ ਜੋ ਅਜੇ ਭਰੀਆਂ ਨਹੀਂ ਹਨ। ਉਨ੍ਹਾਂ ਕਿਹਾ ਕਿ ਪੰਜਾਬੀ ਸਰਬੱਤ ਦਾ ਭਲਾ ਮੰਗਣ ਵਾਲੇ ਹਨ ਪਰ ਜਦੋਂ ਉਹ ਖੜ੍ਹ ਕੇ ਅੜ੍ਹ ਜਾਣ ਤਾਂ ਉਨ੍ਹਾਂ ਵੱਡੇ-ਵੱਡਿਆਂ ਨੂੰ ਨੱਥ ਪਾਈ ਹੈ। ਉਨ੍ਹਾਂ ਕਿਹਾ ਕਿ ਆਮ ਆਦਮੀ ਪਾਰਟੀ ਅੰਦੋਲਨ ’ਚੋਂ ਨਿਕਲੀ ਪਾਰਟੀ ਹੈ। ਇਸ ਦੌਰਾਨ ਉੁਨ੍ਹਾਂ ਭਾਜਪਾ ਸਰਕਾਰ ਦੇ ਨਾਲ ਨਾਲ ਪੰਜਾਬ ਦੀ ਕੈਪਟਨ ਸਰਕਾਰ ’ਤੇ ਵੀ ਤਿੱਖੇ ਸ਼ਬਦੀ ਹਮਲੇ ਕੀਤੇ ਅਤੇ ‘ਨਵਾਂ ਪੰਜਾਬ ਖੁਸ਼ਹਾਲ ਪੰਜਾਬ’ ਦਾ ਨਾਅਰਾ ਦਿੱਤਾ। ਇਸ ਦੌਰਾਨ ਅਨਮੋਲ ਗਗਨ ਮਾਨ ਨੇ ਕਿਹਾ ਕਿ ਪੰਜਾਬ ਨੂੰ ਉਸ ਦਾ ਬਣਦਾ ਹੱਕ ਦਿਵਾਇਆ ਜਾਵੇਗਾ। ‘ਆਪ’ ਸਰਕਾਰ ਪੰਜਾਬ ਵਿੱਚ ਨੌਕਰੀਆਂ ਦੇਵੇਗੀ। ਇਸ ਦੌਰਾਨ ਉਨ੍ਹਾਂ ਆਪਣੀ ਸ਼ੇਅਰੋ-ਸ਼ਾਇਰੀ ਨਾਲ ਵੀ ਲੋਕਾਂ ਵਿੱਚ ਆਪਣੀ ਖਾਸ ਜਗ੍ਹਾ ਬਣਾ ਲਈ।