ਪੁਨੀਤ ਮੈਨਨ
ਧਨੌਲਾ, 22 ਅਗਸਤ
ਇੱਥੋਂ ਦੀਆਂ ਦੋ ਇਕੱਲੀਆਂ ਭੈਣਾਂ ਲਈ ਭਰਾ ਬਣ ਪਹੁੰਚੇ ਸਮਾਜਸੇਵੀਆਂ ਨੇ ਰੱਖੜੀ ਦਾ ਤਿਓਹਾਰ ਉਨ੍ਹਾਂ ਨਾਲ ਮਿਲ ਕੇ ਮਨਾਇਆ। ਸੁਮਨਪ੍ਰੀਤ ਕੌਰ ਅਤੇ ਪ੍ਰੀਤਪਾਲ ਕੌਰ ਦੇ ਭਰਾ ਵੱਲੋਂ ਬੀਤੇ ਦਿਨੀ ਖੁਦਕੁਸ਼ੀ ਕਰ ਜਾਣ ਤੋਂ ਬਾਅਦ ਮੌਜੂਦਾ ਹਾਲਾਤਾਂ ਨੂੰ ਬਿਆਨ ਕਰਦੀ ਖਬਰ ਪੰਜਾਬੀ ਟ੍ਰਿਬਿਊਨ ਵੱਲੋਂ ਪ੍ਰਮੁੱਖਤਾ ਨਾਲ ਪ੍ਰਕਾਸ਼ਿਤ ਕੀਤੀ ਗਈ ਸੀ।
ਸਮਾਜਸੇਵੀ ਸੁੱਖੀ ਨੈਣੇਵਾਲੀਆਂ ਅਤੇ ਸੰਦੀਪ ਭਦੌੜ ਨੇ ਦੱਸਿਆ ਕਿ ਖਬਰ ਪੜ੍ਹਦਿਆਂ ਉਨ੍ਹਾਂ ਨੇ ਇਨ੍ਹਾਂ ਭੈਣਾਂ ਦਾ ਸਹਿਯੋਗ ਕਰਨ ਦਾ ਬੀੜਾ ਚੁੱਕਿਆ। ੳਨ੍ਹਾਂ ਦੱਸਿਆ ਕਿ ਡਾ. ਸਤਿੰਦਰਪਾਲ ਬੁੱੱਟਰ, ਲਾਲੀ ਇੰਗਲੈਂਡ, ਹਰਦੇਵ ਹਾਂਗਕਾਂਗ ਅਤੇ ਭਾਈਰੂਪਾ ਜਿਊਲਰਜ਼ ਦੇ ਸ਼ਹਿਯੋਗ ਨਾਲ ਕਰੀਬ 22,000 ਰੁਪਏ ਦੀ ਰਾਸ਼ੀ ਇਨ੍ਹਾਂ ਧੀਆਂ ਲਈ ਇਕੱਠੀ ਕਰੇ ਭੇਟ ਕੀਤੀ ਗਈ। ਇਸ ਮੌਕੇ ਪਹੁੰਚੇ ਮਨੀਸ਼ ਕੁਮਾਰ, ਸੁਖਵਿੰਦਰ ਸਿੰਘ ਬੀਰਇੰਦਰ ਲੱਕੀ ਨੇ ਸੁਮਨਪ੍ਰੀਤ ਕੌਰ ਅਤੇ ਪ੍ਰੀਤਪਾਲ ਕੌਰ ਤੋਂ ਰੱਖੜੀ ਬੰਨ੍ਹਵਾਈ। ਨਗਰ ਕੌਂਸਲ ਪ੍ਰਧਾਨ ਰਣਜੀਤ ਕੌਰ ਅਤੇ ਰਹਦੀਪ ਸੋਢੀ ਨੇ ਪੰਜਾਬੀ ਟ੍ਰਿਬਿਊਨ ਦਾ ਧੰਨਵਾਦ ਕਰਦਿਆਂ ਕਿਹਾ ਕਿ ਆਵਾਸ ਯੋਜਨਾ ਤਹਿਤ ਇਨ੍ਹਾਂ ਦਾ ਘਰ ਬਣਾਉਣ ਲਈ ਕਾਰਵਾਈ ਕੀਤੀ ਜਾਵੇਗੀ।