ਰਵਿੰਦਰ ਰਵੀ
ਬਰਨਾਲਾ, 4 ਦਸੰਬਰ
ਇੱਥੇ ਬਰਨਾਲਾ ਜ਼ਿਲ੍ਹੇ ਵਿੱਚ ਨਹਿਰੀ ਵਿਭਾਗ ਦੀ ਲਾਪ੍ਰਵਾਹੀ ਦਾ ਮਾਮਲਾ ਸਾਹਮਣੇ ਆਇਆ ਹੈ। ਜ਼ਿਲ੍ਹੇ ਦੇ ਪਿੰਡ ਕੱਟੂ ਵਿੱਚ ਦੋ ਦਿਨ ਪਹਿਲਾਂ ਵਿਭਾਗ ਦੀ ਅਣਦੇਖੀ ਕਾਰਨ ਰਜਵਾਹਾ ਟੁੱਟਣ ਕਰਕੇ ਕਿਸਾਨਾਂ ਦੀ ਕਈ ਏਕੜ ਕਣਕ ਦੀ ਫ਼ਸਲ ਖ਼ਰਾਬ ਹੋ ਗਈ ਸੀ। ਹੁਣ ਵਿਭਾਗ ਵੱਲੋਂ ਟੁੱਟੇ ਰਜਵਾਹੇ ਦੀ ਮੁਰੰਮਤ ਕਰਨ ਦੇ ਕੁੱਝ ਘੰਟਿਆਂ ਬਾਅਦ ਹੀ ਰਜਵਾਹੇ ਵਿੱਚ ਪਾਣੀ ਛੱਡ ਦਿੱਤਾ ਗਿਆ, ਜਿਸ ਕਰਕੇ ਰਜਵਾਹਾ ਮੁੜ ਟੁੱਟਣ ਦੇ ਆਸਾਰ ਬਣ ਚੁੱਕੇ ਹਨ।
ਪੀੜਤ ਕਿਸਾਨਾਂ ਸਰਬਜੀਤ ਸਿੰਘ, ਰਣਜੀਤ ਸਿੰਘ, ਭੋਲਾ ਸਿੰਘ, ਗੁਰਦੇਵ ਸਿੰਘ, ਗੁਰਚਰਨ ਸਿੰਘ ਅਤੇ ਜਰਨੈਲ ਸਿੰਘ ਨੇ ਦੱਸਿਆ ਕਿ ਉਨ੍ਹਾਂ ਦੇ ਪਿੰਡ ਵਿੱਚੋਂ ਲੰਘਦੇ ਰਜਵਾਹੇ ਦੀ ਨਾ ਤਾਂ ਕਦੇ ਨਹਿਰੀ ਵਿਭਾਗ ਨੇ ਮੁਰੰਮਤ ਅਤੇ ਨਾ ਹੀ ਸਫ਼ਾਈ ਕਰਵਾਈ ਹੈ। ਇਸ ਕਰਕੇ 1 ਦਸੰਬਰ ਨੂੰ ਰਜਵਾਹਾ ਟੁੱਟਣ ਕਰਕੇ ਕਰੀਬ 40 ਏਕੜ ਕਣਕ ਦੀ ਫ਼ਸਲ ਖ਼ਰਾਬ ਹੋ ਗਈ। ਨਹਿਰੀ ਵਿਭਾਗ ਨੇ ਰਜਵਾਹੇ ‘ਤੇ ਬੀਤੇ ਕੱਲ੍ਹ ਸੀਮਿੰਟ ਦੀ ਸਲੈਬ ਤਾਂ ਜ਼ਰੂਰ ਬਣਾਈ, ਪਰ ਉਸ ਦੇ ਕੁੱਝ ਘੰਟਿਆਂ ਬਾਅਦ ਹੀ ਪਾਣੀ ਛੱਡ ਦਿੱਤਾ। ਇਸ ਕਰਕੇ ਸਲੈਬ ਮੁੜ ਟੁੱਟ ਗਈ ਹੈ। ਇਸ ਨਾਲ ਜਿੱਥੇ ਸਰਕਾਰੀ ਪੈਸੇ ਦੀ ਬਰਬਾਦੀ ਹੋਈ ਹੈ, ਉਥੇ ਮੁੜ ਰਜਵਾਹਾ ਟੁੱਟਣ ਨਾਲ ਫ਼ਸਲਾਂ ਦੀ ਬਰਬਾਦੀ ਦਾ ਖ਼ਤਰਾ ਬਣਿਆ ਹੋਇਆ ਹੈ।
ਕਿਸਾਨਾਂ ਨੇ ਦੋਸ਼ ਲਗਾਇਆ ਕਿ ਰਜਵਾਹੇ ਤੋਂ ਸਿੱਧਾ ਪਾਣੀ ਵੱਡੀ ਕਾਰਪੋਰੇਟ ਕੰਪਨੀ ਟ੍ਰਾਈਡੈਂਟ ਨੂੰ ਜਾਂਦਾ ਹੈ। ਇਸ ਕਰਕੇ ਇਸ ਰਜਵਾਹੇ ਵਿੱਚ ਪਾਣੀ ਰਜਵਾਹੇ ਦੀ ਖਸਤਾ ਹਾਲਤ ਨੂੰ ਧਿਆਨ ਵਿੱਚ ਰੱਖਣ ਦੀ ਥਾਂ ਮਾਤਰਾ ਤੋਂ ਜ਼ਿਆਦਾ ਪਾਣੀ ਛੱਡਿਆ ਜਾਂਦਾ ਹੈ। ਇਸ ਨਾਲ ਕਿਸਾਨਾਂ ਨੂੰ ਇਸ ਦਾ ਖ਼ਮਿਆਜ਼ਾ ਭੁਗਤਣਾ ਪੈਂਦਾ ਹੈ। ਉਨ੍ਹਾਂ ਜਿੱਥੇ ਰਜਵਾਹੇ ਦੀ ਖਸਤਾ ਹਾਲਤ ਸੁਧਾਰਨ ਦੀ ਮੰਗ ਕੀਤੀ, ਉਥੇ ਇਸ ਮਾਮਲੇ ਵਿੱਚ ਅਣਗਹਿਲੀ ਵਰਤਣ ਵਾਲੇ ਅਧਿਕਾਰੀਆਂ ‘ਤੇ ਕਾਰਵਾਈ ਦੀ ਵੀ ਮੰਗ ਕੀਤੀ।
ਜੇਈ ਨੇ ਕਿਸਾਨਾਂ ਦੇ ਦੋਸ਼ਾਂ ਨੂੰ ਨਕਾਰਿਆ
ਨਹਿਰੀ ਵਿਭਾਗ ਦੇ ਜੇਈ ਹਿਮਾਸ਼ੂ ਗਰਗ ਨੇ ਕਿਹਾ ਕਿ ਉਹ ਤਾਂ ਉੱਚ ਅਧਿਕਾਰੀਆਂ ਦੇ ਕਹਿਣ ਮੁਤਾਬਕ ਹੀ ਕੰਮ ਕਰਦਾ ਹਾਂ। ਉਨ੍ਹਾਂ ਮੰਨਿਆ ਕਿ 1 ਦਸੰਬਰ ਨੂੰ ਰਜਵਾਹਾ ਟੁੱਟਣ ਤੋਂ ਬਾਅਦ ਉਸ ਦੀ ਕੀਤੀ ਮੁਰੰਮਤ ਤੋਂ 4 ਘੰਟੇ ਬਾਦ ਪਾਣੀ ਛੱਡਿਆ ਗਿਆ ਹੈ। ਉਨ੍ਹਾਂ ਕਿਹਾ ਕਿ ਕਿਸਾਨਾਂ ਵੱਲੋਂ ਉਸ ‘ਤੇ ਲਾਏ ਜਾ ਰਹੇ ਦੋਸ਼ ਬੇਬੁਨਿਆਦ ਹਨ।
ਕਿਸਾਨਾਂ ਦੀ ਮੰਗ ‘ਤੇ ਛੱਡਿਆ ਸੀ ਪਾਣੀ: ਐੱਸਡੀਓ
ਇਸ ਸਬੰਧੀ ਨਹਿਰੀ ਵਿਭਾਗ ਦੇ ਐੱਸਡੀਓ ਅਵਤਾਰ ਸਿੰਘ ਨੇ ਕਿਹਾ ਕਿ ਕਿਸਾਨਾਂ ਦੀ ਮੰਗ ‘ਤੇ ਹੀ ਪਾਣੀ ਜਲਦੀ ਛੱਡਿਆ ਗਿਆ ਸੀshy; ਪਰ ਸ਼ਿਕਾਇਤ ਮਿਲਣ ‘ਤੇ ਪਾਣੀ ਬੰਦ ਕਰਵਾਇਆ ਗਿਆ ਹੈ ਅਤੇ ਰਜਵਾਹੇ ਦੀ ਮੁੜ ਮੁਰੰਮਤ ਕੀਤੀ ਜਾਵੇਗੀ।