ਨਿੱਜੀ ਪੱਤਰ ਪ੍ਰੇਰਕ
ਲੰਬੀ, 27 ਸਤੰਬਰ
ਸ਼ੋਮਣੀ ਅਕਾਲੀ ਦਲ ਦੇ ਕੌਮੀ ਮੀਤ ਪ੍ਰਧਾਨ ਤੇਜਿੰਦਰ ਸਿੰਘ ਮਿੱਡੂਖੇੜਾ ਨੇ ਬੇਮੌਸਮੀ ਮੀਂਹ ਕਰਕੇ ਫ਼ਸਲੀ ਖ਼ਰਾਬੇ ਲਈ ਪ੍ਰਭਾਵਿਤ ਕਿਸਾਨਾਂ ਨੂੰ ਤੁਰੰਤ ਮੁਆਵਜ਼ਾ ਦੇਣ ਦੀ ਮੰਗ ਕੀਤੀ ਹੈ। ਉਨ੍ਹਾਂ ਕਿਹਾ ਕਿ ਫ਼ਸਲੀ ਨੁਕਸਾਨ ਹੋਣ ’ਤੇ ਗਿਰਦਾਵਰੀ ਤੋਂ ਪਹਿਲਾਂ ਮੁਆਵਜ਼ੇ ਕਿਸਾਨਾਂ ਨੂੰ ਮਿਲਣ ਦੇ ਦਾਅਵੇ ਕਰਨ ਵਾਲੀ ‘ਆਪ’ ਸਰਕਾਰ ਛੇ ਮਹੀਨਿਆਂ ’ਚ ਬੁਨਿਆਦੀ ਵਾਅਦੇ ਨੂੰ ਆਪਣੇ ਮਨੋਂ ਤਿਆਗ ਚੁੱਕੀ ਹੈ। ਉਨ੍ਹਾਂ ਕਿਹਾ ਕਿ ਕਿਸਾਨਾਂ ਵੱਲੋਂ ਮਜਬੂਰੀਵੱਸ ਪਰਾਲੀ ਨੂੰ ਅੱਗ ਲਗਾਉਣ ਸਮੇਂ ਸਰਕਾਰ ਵੱਲੋਂ ਜਿਵੇਂ ਸੈਟੇਲਾਈਟ ਜੀ.ਪੀ.ਐੱਸ. ਲੋਕੇਸ਼ਨ ਵਾਲੀ ਕਾਰਵਾਈ ਕੀਤੀ ਜਾਂਦੀ ਹੈ, ਉਸ ਤਰਜ਼ ’ਤੇ ਸਰਕਾਰ ਵੱਲੋਂ ਤੁਰੰਤ ਸੈਟੇਲਾਈਟ ਗਿਰਦਾਵਰੀ ਕਰਵਾ ਕੇ ਮੁਆਵਜ਼ਾ ਕਿਸਾਨਾਂ ਦੇ ਖਾਤਿਆਂ ਵਿੱਚ ਪਾਇਆ ਜਾਵੇ।