ਪੱਤਰ ਪ੍ਰੇਰਕ
ਲੰਬੀ, 21 ਜਨਵਰੀ
ਸੂਬਾਈ ਚੋਣਾਂ ਕਰ ਕੇ ਲੰਬੀ ਹਲਕੇ ਦੀ ਹਰਿਆਣਾ ਅਤੇ ਰਾਜਸਥਾਨ ਦੀ 22 ਕਿਲੋਮੀਟਰ ਲੰਮੀ ਹੱਦ ਪੁਲੀਸ ਪ੍ਰਸ਼ਾਸਨ ਨੂੰ ਜ਼ਿਆਦਾ ਮੁਸ਼ਤੈਦ ਰਹਿਣ ਲਈ ਮਜਬੂਰ ਕਰ ਰਹੀ ਹੈ। ਪੁਲੀਸ ਇੱਥੇ ਵੱਡੇ ਪੱਧਰ ’ਤੇ ਸੁਰੱਖਿਆ ਪ੍ਰਬੰਧਾਂ ਨੂੰ ਮੁਕੰਮਲ ਕਰਨ ’ਚ ਜੁਟੀ ਹੋਈ ਹੈ। ਅੱਜ ਫ਼ਰੀਦਕੋਟ ਰੇਂਜ ਦੇ ਆਈਜੀ ਪ੍ਰਦੀਪ ਕੁਮਾਰ ਯਾਦਵ ਵੀ ਪ੍ਰਬੰਧਾਂ ਦਾ ਜਾਇਜ਼ਾ ਲੈਣ ਖ਼ਾਤਰ ਲੰਬੀ ਹਲਕੇ ’ਚ ਅੰਤਰਰਾਜੀ ਨਾਕਿਆਂ ’ਤੇ ਪੁੱਜੇ। ਇਸੇ ਵਿਚਕਾਰ ਬੀਐੱਸਐੱਫ ਤੇ ਜ਼ਿਲ੍ਹਾ ਪੁਲੀਸ ਨੇ ਸਾਂਝੇ ਤੌਰ ’ਤੇ ਲੰਬੀ ਹਲਕੇ ’ਚ ਆਲਮਵਾਲਾ ਤੋਂ ਮੰਡੀ ਕਿੱਲਿਆਂਵਾਲੀ ਤੱਕ ਕਰੀਬ 30 ਪਿੰਡਾਂ ’ਚ ਫਲੈਗ ਮਾਰਚ ਕੀਤਾ। ਇਸ ਦੀ ਅਗਵਾਈ ਡੀਐੱਸਪੀ (ਡੀ) ਗੁਰਪ੍ਰੀਤ ਸਿੰਘ ਅਤੇ ਬੀਐੱਸਐੱਫ ਦੇ ਅਸਿਸਟੈਂਟ ਕਮਾਡੈਂਟ ਸੁਮੇਰ ਸਿੰਘ ਨੇ ਕੀਤੀ। ਮਲੋਟ ਸਬ-ਡਿਵੀਜਨ ਅਧੀਨ ਹਰਿਆਣਾ-ਰਾਜਸਥਾਨ ਹੱਦ ’ਤੇ 19 ਅੰਤਰਰਾਜੀ ਨਾਕੇ ਪੈਂਦੇ ਹਨ।