ਨਥਾਣਾ: ਭਾਰਤੀ ਕਿਸਾਨ ਯੂਨੀਅਨ ਏਕਤਾ ਸਿੱਧੂਪੁਰ ਵੱਲੋ ਪਿੰਡ ਕਲਿਆਣ ਸੁੱਖਾ ਵਿੱਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ, ਗ੍ਰਹਿ ਮੰਤਰੀ ਅਮਿਤ ਸ਼ਾਹ, ਉੱਤਰ ਪ੍ਰਦੇਸ਼ ਦੇ ਮੁੱਖ ਮੰਤਰੀ ਯੋਗੀ ਅਤਿਆਯਨਾਥ, ਕੇਦਰੀ ਗ੍ਰਹਿ ਰਾਜ ਮੰਤਰੀ ਅਜੈ ਮਿਸ਼ਰਾ ਅਤੇ ਲਖੀਮਪੁਰ ਕਾਂਡ ਦੇ ਮੁੱਖ ਦੋਸ਼ੀ ਅਸ਼ੀਸ਼ ਮਿਸ਼ਰਾ ਦੇ ਪੁਤਲੇ ਫੂਕੇ ਗਏ। ਇਸ ਮੌਕੇ ਆਗੂਆਂ ਨੇ 18 ਅਕਤੂਬਰ ਦੇ ਰੇਲ ਬੰਦ ਨੂੰ ਸਫ਼ਲ ਬਣਾਉਣ ਲਈ ਸੱਦਾ ਦਿੱਤਾ ਗਿਆ। ਜਥੇਬੰਦੀ ਵੱਲੋਂ ਜੋਗਾਨੰਦ, ਬਾਠ ਢੇਲਵਾ, ਨਾਥਪੁਰਾ ਅਤੇ ਬੁਰਜਡੱਲਾ ਵਿੱਚ ਵੀ ਕੇਂਦਰੀ ਆਗੂਆਂ ਅਤੇ ਕਾਰਪੋਰੇਟ ਘਰਾਣਿਆਂ ਦੇ ਆਗੂਆਂ ਦੇ ਪੁਤਲੇ ਫੂਕੇ ਗਏ।
ਭਾਈਰੂਪਾ (ਪੱਤਰ ਪ੍ਰੇਰਕ) ਪੰਜਾਬ ਕਿਸਾਨ ਯੂਨੀਅਨ ਇਕਾਈ ਰਾਈਆ ਵੱਲੋਂ ਪਿੰਡ ਰਾਈਆ ਵਿੱਚ ਕਾਰਪੋਰੇਟ ਘਰਾਣਿਆਂ, ਮੋਦੀ, ਯੋਗੀ ਤੇ ਅਜੇ ਮਿਸ਼ਰਾ ਦੇ ਪੁਤਲੇ ਫੂੁਕੇ ਗਏ। ਇਸ ਮੌਕੇ ਜ਼ਿਲ੍ਹਾ ਪ੍ਰਧਾਨ ਗੁਲਾਬ ਸਿੰਘ ਰਾਈਆ, ਹਰਦਿਆਲ ਸਿੰਘ ਕਾਲਾ, ਅਮਰੀਕ ਸਿੰਘ, ਗੁਰਪ੍ਰੀਤ ਸਿੰਘ, ਗੁਰਦੀਪ ਸਿੰਘ ਰਾਈਆ, ਇਕਾਈ ਪ੍ਰਧਾਨ ਪ੍ਰਧਾਨ ਇਕੱਤਰ ਸਿੰਘ ਨੇ ਕਿਹਾ ਕਿ ਮੋਦੀ ਸਰਕਾਰ ਵਿਸ਼ਵ ਵਪਾਰ ਸੰਸਥਾ ਦੇ ਦਬਾਅ ਹੇਠ ਖੇਤੀ ਸੈਕਟਰ ਤੇ ਕਾਰਪੋਰੇਟ ਘਰਾਣਿਆਂ ਦਾ ਕਬਜ਼ਾ ਕਰਵਾ ਕੇ ਕਿਸਾਨਾਂ ਨੂੰ ਖੇਤੀ ਵਿੱਚੋਂ ਬਾਹਰ ਧੱਕਣ ਲਈ ਖੇਤੀ ਵਿਰੋਧੀ ਕਾਲੇ ਕਾਨੂੰਨ ਲੈ ਕੇ ਆਈ ਹੈ ਜੇ ਉਨ੍ਹਾਂ ਆਪਣੇ ਖੇਤ ਬਚਾਉਣੇ ਹਨ ਤਾਂ ਇਨ੍ਹਾਂ ਕਾਰਪੋਰੇਟ ਘਰਾਣਿਆਂ ਨੂੰ ਭਾਰਤ ਵਿੱਚੋਂ ਬਾਹਰ ਕੱਢਣ ਦੀ ਲੋੜ ਹੈ।