ਪੱਤਰ ਪ੍ਰੇਰਕ
ਲੰਬੀ, 25 ਅਕਤੂਬਰ
ਦਸਹਿਰੇ ਦੇ ਤਿਉਹਾਰ ’ਤੇ ਅੱਜ ਸੰਘਰਸ਼ ਦਾ ਰੋਹਲਾ ਰੰਗ ਵੇਖਣ ਨੂੰ ਮਿਲਿਆ। ਮੰਡੀ ਕਿੱਲਿਆਂਵਾਲੀ ਦੀ ਦਾਣਾ ਮੰਡੀ ਵਿੱਚ ਲੰਬੀ ਬਲਾਕ ਦੇ ਨਾਲ-ਨਾਲ ਹਰਿਆਣਾ ਅਤੇ ਰਾਜਸਥਾਨ ਦੇ ਪਿੰਡਾਂ ’ਚੋਂ ਵਹੀਰਾਂ ਬੰਨ੍ਹ ਕੇ ਆਏ ਹਜ਼ਾਰਾਂ ਕਿਸਾਨਾਂ, ਮਜ਼ਦੂਰਾਂ, ਬਿਜਲੀ ਕਾਮਿਆਂ, ਦੁਕਾਨਦਾਰਾਂ ਸਮੇਤ ਸਭਨਾਂ ਵਰਗਾਂ ਦੇ ਲੋਕਾਂ ਨੇ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਦੇ ਸੱਦੇ ’ਤੇ ਕਿਸਾਨ ਤੇ ਲੋਕ ਵਿਰੋਧੀ ਖੇਤੀ ਕਾਨੂੰਨਾਂ ਖਿਲਾਫ ਕਾਰਪੋਰੇਟਰਾਂ, ਸਾਮਰਾਜੀਆਂ ਤੇ ਨਰਿੰਦਰ ਮੋਦੀ ਦੀ ਤਿੱਕੜੀ ਦੇ ਦਿਓ ਕੱਦ ਪੁਤਲੇ ਫੂਕੇ। ਰੈਲੀ ਨੂੰ ਸੰਬੋਧਨ ਕਰਦਿਆਂ ਭਾਕਿਯੂ ਏਕਤਾ ਉਗਰਾਹਾਂ ਦੇ ਸੂਬਾਈ ਆਗੂ ਸ਼ੰਗਾਰਾ ਸਿੰਘ ਮਾਨ ਨੇ ਆਖਿਆ ਕਿ ਕੇਂਦਰ ਦੀ ਭਾਜਪਾ ਸਰਕਾਰ ਖੇਤੀ ਬਿੱਲ ਪਾਸ ਕਰਕੇ ਕਿਸਾਨਾਂ ਦੀ ਖੂਨ ਪਸੀਨੇ ਦੀ ਕਿਰਤ ਨੂੰ ਅੰਡਾਨੀ, ਅੰਬਾਨੀ ਜਿਹੇ ਕਾਰਪੋਰੇਟ ਘਰਾਣਿਆਂ ਕੋਲ ਗਿਰਵੀ ਰੱਖਣਾ ਚਾਹੁੰਦੀ ਹੈ, ਜਿਸ ਨੂੰ ਪੰਜਾਬ ਦੇ ਕਿਸਾਨ ਹਰਗਿਜ ਪ੍ਰਵਾਨ ਨਹੀਂ ਕਰਨਗੇ। ਅਨਮੋਲ ਸਿੰਘ ਦੇਸੂ ਯੋਧਾ, ਕੁਲਵਿੰਦਰ ਸਿੰਘ ਸੰਤਪੁਰਾ, ਜਸਵੀਰ ਭਾਟੀ ਅਤੇ ਗੁਰਪਾਸ਼ ਸਿੰਘ ਸਿੰਘਵਾਲਾ ਨੇ ਆਖਿਆ ਕਿ ਮੋਦੀ ਹਕੂਮਤ ਵੱਲੋਂ ਪਾਸ ਕੀਤੇ ਖੇਤੀ ਵਿਰੋਧੀ ਕਾਨੂੰਨ ਕਿਸਾਨਾਂ ਦੀ ਮੌਤ ਦੇ ਵਾਰੰਟ ਹਨ।
ਕੋਟਕਪੂਰਾ (ਟਨਸ): ਇੱਥੇ ਬੱਤੀਆਂ ਵਾਲਾ ਚੌਕ ‘ਚ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੇ ਕਾਰਪੋਰੇਟ ਜੁੰਡਲੀ ਦਾ ਪੁਤਲਾ ਫੂਕਿਆ ਗਿਆ। ਭਾਰਤੀ ਕਿਸਾਨ ਯੂਨੀਅਨ ਉਗਰਾਹਾਂ ਨੇਕੇਂਦਰ ਸਰਕਾਰ ਤੋਂ ਪਾਸ ਕੀਤੇ ਖੇਤੀ ਕਾਨੂੰਨ ਵਾਪਸ ਲੈਣ ਦੀ ਮੰਗ ਕੀਤੀ।
ਭਦੌੜ (ਪੱਤਰ ਪ੍ਰੇਰਕ): ਭਾਰਤੀ ਕਿਸਾਨ ਯੂਨੀਅਨ ਏਕਤਾ ਡਕੌਂਦਾ ਵੱਲੋਂ ਅੱਜ ਤਿੰਨਕੌਣੀ ਚੌਕ ਵਿੱਚ ਦਸਹਿਰੇ ਮੌਕੇ ਨਰਿੰਦਰ ਮੋਦੀ, ਅੰਬਾਨੀ, ਅਡਾਨੀ ਸਮੇਤ ਹੋਰ ਭਾਜਪਾ ਆਗੂਆਂ ਦੇ ਪੁਤਲੇ ਫੂਕੇ ਗਏ। ਇਸ ਮੌਕੇ ਗੁਰਮੇਲ ਭੁਟਾਲ, ਹਰਦੀਪ ਸਿੰਘ ਅਤੇ ਭੋਲਾ ਸਿੰਘ ਛੰਨਾ ਨੇ ਸੰਬੋਧਨ ਕੀਤਾ।
ਜ਼ੀਰਾ (ਪੱਤਰ ਪ੍ਰੇਰਕ): ਕਿਸਾਨ-ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਦੀ ਅਗਵਾਈ ਹੇਠ ਅੱਜ ਜ਼ੀਰਾ ਦੇ ਵੱਖ- ਵੱਖ ਪਿੰਡਾਂ ਵਿੱਚ ਦਸਹਿਰੇ ’ਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ, ਅਨਿਲ ਅੰਬਾਨੀ ਤੇ ਗੌਤਮ ਅੰਡਾਨੀ ਦੇ ਪੁਤਲੇ ਫੂਕ ਕੇ ਰੋਸ ਮੁਜ਼ਾਹਰੇ ਕੀਤੇ ਗਏ। ਇਸ ਮੌਕੇ ਜ਼ਿਲ੍ਹਾ ਮੀਤ ਸਕੱਤਰ ਰਾਣਾ ਰਣਬੀਰ ਸਿੰਘ ਠੱਠਾ, ਜ਼ਿਲ੍ਹਾ ਪ੍ਰੈੱਸ ਸਕੱਤਰ ਸੁਖਵੰਤ ਸਿੰਘ ਲਹੁਕਾ ਨੇ ਸੰਬੋਧਨ ਕੀਤਾ।
ਕਾਲਾਂਵਾਲੀ (ਪੱਤਰ ਪ੍ਰੇਰਕ): ਕੇਂਦਰ ਸਰਕਾਰ ਵੱਲੋਂ ਲਾਗੂ ਕੀਤੇ ਤਿੰਨ ਖੇਤੀ ਕਾਨੂੰਨਾਂ ਖਿਲਾਫ਼ ਮੰਡੀ ਮਜ਼ਦੂਰ ਯੂਨੀਅਨ ਵੱਲੋਂ ਦਸਹਿਰੇ ਮੌਕੇ ਰਾਵਣ ਦੀ ਬਜਾਏ ਪ੍ਰਧਾਨ ਮੰਤਰੀ ਨਰਿੰਦਰ ਮੋਦੀ, ਮੁੱਖ ਮੰਤਰੀ ਮਨੋਹਰ ਲਾਲ ਖੱਟਰ, ਡਿਪਟੀ ਮੁੱਖ ਮੰਤਰੀ ਦੁਸ਼ਿਅੰਤ ਚੌਟਾਲਾ, ਐਮਪੀ ਸੁਨੀਤਾ ਦੁੱਗਲ ਅਤੇ ਰਾਜ ਮੰਤਰੀ ਅਨੁਪ ਧਾਨਕ ਦੇ ਪੁਤਲੇ ਫੂਕ ਕੇ ਰੋਸ ਮੁਜ਼ਾਹਰਾ ਕੀਤਾ।
ਸਿਰਸਾ (ਨਿੱਜੀ ਪੱਤਰ ਪ੍ਰੇਰਕ): ਕੇਂਦਰ ਸਰਕਾਰ ਵੱਲੋਂ ਬਣਾਏ ਗਏ ਤਿੰਨ ਕਿਸਾਨ ਵਿਰੋਧੀ ਕਾਨੂੰਨਾਂ ਖਿਲਾਫ਼ ਪੱਕੇ ਮੋਰਚੇ ‘ਤੇ ਬੈਠੇ ਕਿਸਾਨਾਂ ਨੇ ਅੱਜ ਬਾਬਾ ਭੂਮਣਸ਼ਾਹ ਚੌਕ ’ਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਸਮੇਤ ਦਸ ਆਗੂਆਂ ਦੇ ਪੁਤਲੇ ਫੂਕੇ। ਇਨ੍ਹਾਂ ਵਿੱਚ ਮੁੱਖ ਮੰਤਰੀ ਮਨੋਹਰ ਲਾਲ, ਉਪ ਮੁੱਖ ਮੰਤਰੀ ਦੁਸ਼ਿਅੰਤ ਚੌਟਾਲਾ, ਬਿਜਲੀ ਮੰਤਰੀ ਰਣਜੀਤ ਸਿੰਘ, ਅਨਿਲ ਅੰਬਾਨੀ, ਅੰਡਾਨੀ, ਭਾਜਪਾ ਪ੍ਰਧਾਨ ਜੇਪੀ ਨੱਢਾ, ਕੇਂਦਰੀ ਮੰਤਰੀ ਤੋਮਰ ਸ਼ਾਮਿਲ ਹਨ। ਇਸ ਤੋਂ ਬਾਅਦ ਸਾਰੇ ਕਿਸਾਨ ਇੱਥੋਂ ਰਾਣੀਆਂ ਪੁੱਜੇ ਅਤੇ ਦੁਸ਼ਿਅੰਤ ਚੌਟਾਲਾ ਦੇ ਪ੍ਰੋਗਰਾਮ ਦਾ ਵਿਰੋਧ ਕੀਤਾ। ਪ੍ਰਦਰਸ਼ਨ ਦੀ ਪ੍ਰਧਾਨਗੀ ਹਰਿਆਣਾ ਕਿਸਾਨ ਮੰਚ ਦੇ ਸੂਬਾ ਪ੍ਰਧਾਨ ਪ੍ਰਹਿਲਾਦ ਸਿੰਘ ਭਾਰੂਖੇੜਾ ਸਮੇਤ ਹੋਰ ਕਿਸਾਨ ਸੰਗਠਨਾਂ ਦੇ ਆਗੂਆਂ ਨੇ ਕੀਤੀ।
ਸੰਗਤ ਮੰਡੀ (ਪੱਤਰ ਪ੍ਰੇਰਕ): ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਵੱਲੋਂ ਸੰਗਤ ਬਲਾਕ ਦੀਆਂ ਸਮੂਹ ਜਨਤਕ ਜਥੇਬੰਦੀਆਂ ਦੇ ਸਹਿਯੋਗ ਨਾਲ ਸੰਗਤ ਮੰਡੀ ਵਿੱਚ ਸੰਘਰਸ਼ਮਈ ਢੰਗ ਨਾਲ ਦਸਹਿਰਾ ਮਨਾਇਆ ਗਿਆ। ਇਸ ਦੌਰਾਨ ਰਾਮ ਸਿੰਘ ਕੋਟਗੁਰੂ, ਜਸਪ੍ਰੀਤ ਸਿੰਘ ਚੱਕ ਅਤਰ ਸਿੰਘ ਵਾਲਾ, ਅਜੈਪਾਲ ਘੁੱਦਾ, ਕਹਾਣੀਕਾਰ ਅਤਰਜੀਤ, ਅਸ਼ਵਨੀ ਘੁੱਦਾ, ਅਮਰੀਕ ਘੁੱਦਾ, ਗੁਰਵਿੰਦਰ ਪੰਨੂ, ਧਰਮਪਾਲ ਜੰਡੀਆਂ ਡਾਕਟਰ ਗੁਰਦੀਪ ਸਿੰਘ, ਦਰਸ਼ਨ ਕੁਮਾਰ , ਗੁਰਪ੍ਰੀਤ ਸਿੰਘ ਆਦਿ ਬੁਲਾਰਿਆਂ ਨੇ ਲੋਕਾਂ ਨੂੰ ਸੰਬੋਧਨ ਕੀਤਾ।
ਫਤਿਹਗੜ੍ਹ ਪੰਜਤੂਰ (ਪੱਤਰ ਪ੍ਰੇਰਕ): ਕਿਸਾਨ ਜਥੇਬੰਦੀਆਂ ਦੇ ਸੱਦੇ ’ਤੇ ਅੱਜ ਇੱਥੋਂ ਦੇ ਕਿਸਾਨ ਸੰਘਰਸ਼ ਕਮੇਟੀ ਨੇ ਸਕੱਤਰ ਜੀਤ ਸਿੰਘ ਦੀ ਅਗਵਾਈ ਹੇਠ ਪ੍ਰਧਾਨ ਮੰਤਰੀ ਨਰਿੰਦਰ ਮੋਦੀ, ਅਡਾਨੀ ਅਤੇ ਅੰਬਾਨੀ ਦੇ ਅੱਜ ਸਵੇਰੇ ਪੁਤਲੇ ਫੂਕੇ ਗਏ।
ਨਿਹਾਲ ਸਿੰਘ ਵਾਲਾ (ਪੱਤਰ ਪ੍ਰੇਰਕ): ਪਿੰਡ ਪੱਤੋ ਹੀਰਾ ਸਿੰਘ (ਬਾਗਾਂ ਬਸਤੀ) ਵਿੱਚ ਦਮਨਪ੍ਰੀਤ ਕੌਰ ਖਾਲਸਾ ਦੀ ਅਗਵਾਈ ਹੇਠ ਵੈਣ ਪਾਉਂਦਿਆਂ ਨਰਿੰਦਰ ਮੌਦੀ ਦਾ ਪੁਤਲਾ ਫੂਕ ਕੇ ਦੁਸਿਹਰਾ ਮਨਾਇਆ।
ਸ਼ਹਿਣਾ (ਪੱਤਰ ਪ੍ਰੇਰਕ): ਭਾਜਪਾ ਦੀ ਹਕੂਮਤ ਵਾਲੀ ਕੇਂਦਰ ਦੀ ਮੋਦੀ ਸਰਕਾਰ ਵੱਲੋਂ ਲਿਆਂਦੇ ਖੇਤੀ ਕਾਨੂੰਨਾਂ ਖ਼ਿਲਾਫ਼ ਭਾਰਤੀ ਕਿਸਾਨ ਯੂਨੀਅਨ (ਉਗਰਾਹਾਂ) ਨੇ ਬਲਾਕ ਸ਼ਹਿਣਾ ਦੇ ਵੱਖ-ਵੱਖ ਪਿੰਡਾਂ ਵਿੱਚ ਰੋਸ ਮਾਰਚ ਕੱਢਿਆ ਅਤੇ ਕੇਂਦਰ ਦੀ ਮੋਦੀ ਸਰਕਾਰ ਖਿਲਾਫ਼ ਨਾਅਰੇਬਾਜ਼ੀ ਕੀਤੀ ਗਈ।
ਸਰਦੂਲਗੜ੍ਹ (ਪੱਤਰ ਪ੍ਰੇਰਕ): ਕਿਸਾਨ ਜਥੇਬੰਦੀਆਂ ਦੇ ਸੱਦੇ ’ਤੇ ਸਰਦੂਲਗੜ੍ਹ ਸ਼ਹਿਰ ’ਚ ਕਿਸਾਨਾਂ ਨੇ ਮੋਦੀ, ਅੰਬਾਨੀ ਤੇ ਅੰਡਾਨੀ ਦੇ ਪੁਤਲੇ ਫੂਕ ਕੇ ਦੁਸਹਿਰਾ ਮਨਾਇਆ। ਕਿਸਾਨਾਂ ਨੇ ਬੱਸ ਸਟੈਂਡ ਚੌਂਕ ਵਿਚ ਚਾਰ ਕਿਸਾਨ ਜਥੇਬੰਦੀਆਂ ਕੁੱਲ ਹਿੰਦ ਕਿਸਾਨ ਸਭਾ ਦੇ ਜਗਰਾਜ ਸਿੰਘ ਹੀਰਕੇ, ਭਾਰਤੀ ਕਿਸਾਨ ਯੂਨੀਅਨ ਦੇ ਮਲੂਕ ਸਿੰਘ ਹੀਰਕੇ, ਜਮੂਹਰੀ ਕਿਸਾਨ ਸਭਾ ਦੇ ਮੰਗਤ ਰਾਮ ਕਰੰਡੀ ਅਤੇ ਭਾਰਤੀ ਕਿਸਾਨ ਯੂਨੀਅਨ ਲੱਖੋਵਾਲ ਦੇ ਤੋਤਾ ਸਿੰਘ ਹੀਰਕੇ ਦੀ ਅਗਵਾਈ ’ਚ ਪੁਤਲੇ ਫੂਕੇ।
ਨਥਾਣਾ (ਪੱਤਰ ਪ੍ਰੇਰਕ): ਕਾਲੇ ਕਾਨੂੰਨਾਂ ਦੀ ਵਾਪਸੀ ਨੂੰ ਲੈ ਕੇ ਸੰਘਰਸ਼ ਕਰ ਰਹੀਆਂ ਕਿਸਾਨ ਜਥੇਬੰਦੀਆਂ ਵੱਲੋ ਅੱਜ ਸ਼ਾਮ ਇੱਥੋਂ ਦੇ ਸਟੇਡੀਅਮ ’ਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਕਾਰਪੋਰੇਟ ਘਰਾਣਿਆਂ ਦੇ ਮੁਖੀ ਅੰਬਾਨੀ ਅਤੇ ਅਡਾਨੀ ਦੇ ਪੁਤਲੇ ਫੂਕੇ ਗਏ।
ਗਿੱਦੜਬਾਹਾ (ਪੱਤਰ ਪ੍ਰੇਰਕ): ਭਾਰਤੀ ਕਿਸਾਨ ਯੂਨੀਅਨ ਮਾਨਸਾ ਵੱਲੋਂ ਭਰਾਤਰੀ ਜਥੇਬੰਦੀਆਂ ਦੇ ਸਹਿਯੋਗ ਨਾਲ ਅੱਜ ਦਸਹਿਰੇ ਮੌਕੇ ਪਿਓਰੀ ਰੋਡ ਸਥਿਤ ਗੁਰਦੁਆਰਾ ਸ੍ਰੀ ਸੀਨੀਅਰ ਸਾਹਿਬ ਪਾਤਸ਼ਾਹੀ ਦਸਵੀਂ ਦੇ ਬਾਹਰ ਮੋਦੀ, ਅੰਬਾਨੀ ਅਤੇ ਅਡਾਨੀ ਦੇ ਪੁਤਲੇ ਫੂਕੇ ਗਏ। ਕਿਸਾਨ ਯੂਨੀਅਨ ਦੇ ਜ਼ਿਲ੍ਹਾ ਮੀਤ ਪ੍ਰਧਾਨ ਲਖਵੀਰ ਸਿੰਘ ਕੋਟਭਾਈ ਨੇ ਸੰਬੋਧਨ ਕੀਤਾ।
ਦੋਦਾ (ਪੱਤਰ ਪ੍ਰੇਰਕ): ਕਿਸਾਨ ਜਥੇਬੰਦੀਆਂ ਅਤੇ ਦੋਦਾ ਦੇ ਸਮੂਹ ਦੁਕਾਨਦਾਰ ਯੂਨੀਅਨ ਵੱਲੋਂ ਡੇਰਾ ਬਾਬਾ ਧਿਆਨ ਦਾਸ ਜੀ ਅੱਗੇ ਬੱਸ ਅੱਡੇ ਉਤੇ ਮੋਦੀ ਅਤੇ ਅੰਬਾਨੀ, ਅੰਡਾਨੀ ਦਾ ਪੁਤਲਾ ਫੂਕ ਕੇ ਦਸਹਿਰਾ ਮਨਾਇਆ ਅਤੇ ਨਾਅਰੇਬਾਜ਼ੀ ਕੀਤੀ। ਇੰਜ ਹੀ ਪਿੰਡ ਖਿੜਕੀਆਂਵਾਲਾ ਵਿੱਚ ਸਰਪੰਚ ਖੁਸ਼ਿਵੰਦਰ ਗਿੱਲ ਦੀ ਅਗਵਾਈ ਵਿਚ ਸਮੇਤ ਬੀ ਕੇ ਯੂ ਸਿੱਧੂਪੁਰ ਇਕਾਈ ਅਤੇ ਪਿੰਡ ਭੁੱਟੀਵਾਲਾ, ਚੋਟੀਆਂ ਆਦਿ ਵਿਖੇ ਵੀ ਮੋਦੀ ਦਾ ਪੁਤਲਾ ਫੂਕ ਕੇ ਦਸਹਿਰਾ ਮਨਾਇਆ।
ਬੋਹਾ (ਪੱਤਰ ਪ੍ਰੇਰਕ): ਭਾਰਤੀ ਕਿਸਾਨ ਯੂਨੀਅਨ (ਲੱਖੋਵਾਲ) ਦੀ ਅਗਵਾਈ ਵਿੱਚ ਬੋਹਾ ਖੇਤਰ ਦੇ ਕਿਸਾਨਾਂ ਨੇ ਭਾਰਤ ਸਰਕਾਰ ਵੱਲੋਂ ਪਾਸ ਕੀਤੇ ਖੇਤੀਬਾੜੀ ਕਾਨੂੰਨਾਂ ਦੇ ਵਿਰੋਧ ਵਿੱਚ ਪਿੱਪਲ ਚੌਕ ਵਿੱਚ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਬੁੱਤ ਨੂੰ ਅੱਗ ਲਾ ਕੇ ਦਸਹਿਰਾ ਮਨਾਇਆ ਗਿਆ। ਇਸ ਮੌਕੇ ਕਿਸਾਨ ਯੂਨੀਅਨ (ਲੱਖੋਵਾਲ) ਦੇ ਸੂਬਾ ਮੀਤ ਪ੍ਰਧਾਨ ਬਾਬਾ ਪ੍ਰਸ਼ੋਤਮ ਸਿੰਘ ਗਿੱਲ, ਬਲਾਕ ਪ੍ਰਧਾਨ ਜਸਕਰਨ ਸਿੰਘ ਸੇਰਖਾਂ , ਬਾਬਾ ਜਸਵਿੰਦਰ ਸਿੰਘ ਫੱਤਾ ਮਾਲੋਕਾ, ਵਪਾਰ ਮੰਡਲ ਦੇ ਆਗੂ ਸੁਰਿੰਦਰ ਮੰਗਲਾ ਤੇ ਸੰਤੋਖ ਸਾਗਰ ਆਦਿ ਨੇ ਸੰਬੋਧਨ ਕੀਤਾ।
ਭਗਤਾ ਭਾਈ (ਪੱਤਰ ਪ੍ਰੇਰਕ): ਕਿਸਾਨ ਜਥੇਬੰਦੀਆਂ ਦੇ ਸੱਦੇ ‘ਤੇ ਭਾਰਤੀ ਕਿਸਾਨ ਯੂਨੀਅਨ ਏਕਤਾ (ਉਗਰਾਹਾਂ) ਦੀ ਅਗਵਾਈ ਵਿੱਚ ਭਗਤਾ ਭਾਈ ਦੇ ਸਟੇਡੀਅਮ ਵਿੱਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ, ਅੰਬਾਨੀ ਤੇ ਅਡਾਨੀ ਦੇ ਪੁਤਲੇ ਫੂਕ ਕੇ ਕੇਂਦਰ ਸਰਕਾਰ ਖ਼ਿਲਾਫ਼ ਨਾਅਰੇਬਾਜ਼ੀ ਕਰਦਿਆਂ ਰੋਸ ਪ੍ਰਦਰਸ਼ਨ ਕੀਤਾ। ਜਗਸੀਰ ਜੀਦਾ ਵੱਲੋਂ ਇਨਕਲਾਬੀ ਬੋਲੀਆਂ ਅਤੇ ਸ਼ਹੀਦ ਭਗਤ ਸਿੰਘ ਕਲਾ ਕੇਂਦਰ ਚੜਿੱਕ ਵੱਲੋਂ ‘ਇਹ ਦੇਸ਼ ਕਿਸੇ ਦੇ ਬਾਪ ਦਾ ਨਹੀਂ’ ਪੇਸ਼ ਕੀਤਾ ਗਿਆ।
ਮੌੜ ਮੰਡੀ (ਪੱਤਰ ਪ੍ਰੇਰਕ): ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਦੇ ਸੱਦੇ ‘ਤੇ ਬਲਾਕ ਮੌੜ ਵੱਲੋਂ ਖਾਲਸਾ ਸਕੂਲ ’ਚ ਕਿਸਾਨਾਂ ਨੇ ਖਾਲਸਾ ਸੀਨੀਅਰ ਸੈਕੰਡਰੀ ਸਕੂਲ ਮੌੜ ਦੇ ਗਰਾਊਂਡ ‘ਚ ਸਾਮਰਾਜੀ ਕੰਪਨੀਆਂ, ਕਾਰਪੋਰੇਟ ਘਰਾਣੇ ਅਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਰਥੀ ਨੂੰ ਅੱਗ ਦੇ ਹਵਾਲੇ ਕੀਤਾ।
ਬਸਪਾ ਨੇ ਮੋਦੀ ਸਰਕਾਰ ਦੀ ਅਰਥੀ ਸਾੜੀ
ਭਾਈਰੂਪਾ (ਪੱਤਰ ਪ੍ਰੇਰਕ): ਹਲਕਾ ਰਾਮਪੁਰਾ ਫੂਲ ਦੇ ਪਿੰਡ ਭਾਈ ਰੂਪਾ ਵਿੱਚ ਬਹੁਜਨ ਸਮਾਜ ਪਾਰਟੀ ਵੱਲੋਂ ਕਿਸਾਨਾਂ-ਮਜ਼ਦੂਰਾਂ ਦੇ ਹੱਕਾਂ ’ਤੇ ਮਾਰੇ ਜਾ ਰਹੇ ਡਾਕਿਆਂ ਵਿਰੁੱਧ ਮੋਦੀ ਸਰਕਾਰ ਦਾ ਪੁਤਲਾ ਫੂਕਿਆ ਗਿਆ। ਡਾਕਟਰ ਜੋਗਿੰਦਰ ਸਿੰਘ ਜ਼ਿਲ੍ਹਾ ਪ੍ਰਧਾਨ ਬਸਪਾ ਬਠਿੰਡਾ ਨੇ ਕਿਹਾ ਕਿ ਇਹ ਕਾਲ਼ੇ ਕਾਨੂੰਨ ਕੇਂਦਰ ਸਰਕਾਰ ਵਾਪਿਸ ਲਵੇ। ਪੰਜਾਬ ਵਿੱਚ ਅਤੇ ਦੇਸ਼ ਦੇ ਵੱਖ-ਵੱਖ ਹਿੱਸਿਆਂ ਵਿੱਚ ਦਲਿਤਾਂ ’ਤੇ ਹੋ ਰਹੇ ਅੱਤਿਆਚਾਰਾਂ ਦੀ ਨਿੰਦਾ ਕੀਤੀ।