ਰਵਿੰਦਰ ਰਵੀ
ਬਰਨਾਲਾ, 6 ਦਸੰਬਰ
ਕਿਸਾਨ ਜਥੇਬੰਦੀਆਂ ਦੇ ਸੱਦੇ ’ਤੇ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਵੱਲੋਂ ਬਲਾਕ ਪ੍ਰਧਾਨ ਕ੍ਰਿਸਨ ਸਿੰਘ ਛੰਨਾ ਦੀ ਅਗਵਾਈ ’ਚ, ਔਰਤਾਂ ਨੇ ਬੱਸ ਅੱਡਾ ਧਨੌਲਾ ਵਿੱਚ ਮੋਦੀ ਸਰਕਾਰ ਦਾ ਪੁਤਲਾ ਫੂਕਿਆ ਤੇ ਨਾਅਰੇਬਾਜ਼ੀ ਕੀਤੀ ਗਈ। ਕਿਸਾਨ ਆਗੂਆਂ ਦੱਸਿਆ ਕਿ ਸਮੁੱਚੇ ਭਾਰਤ ਦੀਆਂ ਕਿਸਾਨ ਯੂਨੀਅਨਾਂ ਦੇ ਸੱਦੇ ’ਤੇ ਸਾਰੇ ਸੂਬੇ ’ਚ ਮੋਦੀ ਸਰਕਾਰ ਤੇ ਸਮੂਹ ਕਾਰਪੋਰਟ ਘਰਾਣਿਆਂ ਦੇ ਅਰਥੀ ਫੂਕ ਮੁਜ਼ਾਹਰੇ ਕੀਤੇ ਗਏ ਹਨ ਜਿਸ ਦੇ ਤਹਿਤ ਰਿਲਾਇੰਸ ਪੰਪ ਮਾਨ ਪਿੰਡੀ ਧਨੌਲਾ ’ਤੇ ਲਗਾਤਾਰ 65 ਦਿਨਾਂ ਤੋਂ ਧਰਨਾ ਲਾਈ ਬੈਠੇ ਧਰਨਾਕਾਰੀਆਂ ਵੱਲੋਂ ਰਿਲਾਇੰਸ ਪੰਪ ਤੋਂ ਮਾਰਚ ਕਰਕੇ ਬੱਸ ਅੱਡਾ ਧਨੌਲਾ ਵਿੱਚ ਮੋਦੀ ਸਰਕਾਰ ਅਰਥੀ ਫੂਕ ਕੇ ਪਿੱਟ ਸਿਆਪਾ ਕੀਤਾ ਗਿਆ। ਜ਼ਿਲ੍ਹਾ ਕਿਸਾਨ ਆਗੂ ਕ੍ਰਿਸਨ ਸਿੰਘ ਛੰਨਾ, ਮੱਖਣ ਸਿੰਘ ਹਰੀਗੜ੍ਹ ਨੇ ਦੱਸਿਆ ਕਿ ਕਈ ਵਾਰ ਗੱਲਬਾਤ ਹੋਣ ਦੇ ਬਾਵਜੂਦ ਬੇਨਤੀਜਾ ਰਹਿਣ ਕਾਰਨ 8 ਦਸੰਬਰ ਨੂੰ ਪੂਰਾ ਭਾਰਤ ਬੰਦ ਰੱਖਿਆ ਜਾਵੇਗਾ।
ਨਿਹਾਲ ਸਿੰਘ ਵਾਲਾ (ਰਾਜਵਿੰਦਰ ਰੌਂਤਾ): ਕੇਂਦਰ ਸਰਕਾਰ ਵੱਲੋਂ ਜਾਰੀ ਕੀਤੇ ਕਾਲੇ ਖੇਤੀ ਕਾਨੂੰਨਾਂ ਤੇ ਬਿਜਲੀ ਸੋਧ ਬਿੱਲਾਂ ਤੇ ਹੋਰ ਮੰਗਾਂ ਲਈ ਸੰਘਰਸ਼ ਕਰ ਰਹੀਆਂ ਕਿਸਾਨ ਜਥੇਬੰਦੀਆਂ ਦੇ ਸੱਦੇ ਤੇ ਨਿਹਾਲ ਸਿੰਘ ਵਾਲਾ ਦੇ ਪਿੰਡਾਂ ਕੁਸਾ, ਰਾਮਾ, ਮਾਛੀਕੇ, ਹਿੰਮਤਪੁਰਾ ਤੇ ਦੀਨਾ ਸਾਹਿਬ ਆਦਿ ਪਿੰਡਾਂ ਵਿਖੇ ਮੋਦੀ ਸਰਕਾਰ ਦੀਆਂ ਹਠੀ ਤੇ ਟਾਲਮਟੋਲ ਨੀਤੀਆਂ ਖ਼ਿਲਾਫ਼ ਰੋਸ ਮੁਜ਼ਾਹਰੇ ਕਰਕੇ ਅਰਥੀਆਂ ਫ਼ੂਕੀਆਂ ਗਈਆਂ। ਇਨ੍ਹਾਂ ਰੋਸ ਮੁਜ਼ਾਹਰਿਆਂ ਨੂੰ ਸੰਬੋਧਨ ਕਰਦਿਆਂ ਦਰਸ਼ਨ ਸਿੰਘ ਹਿੰਮਤਪੁਰਾ, ਅਮਨਦੀਪ ਮਾਛੀਕੇ, ਗੁਰਮਖ ਹਿੰਮਤਪੁਰਾ, ਕਰਮ ਰਾਮਾ, ਕ੍ਰਿਸ਼ਨ ਦਿਆਲ ਕੁੱਸਾ, ਮਲਕੀਤ ਕੱਸਾ ਤੇ ਹਰਪ੍ਰੀਤ ਰਾਮਾ ਆਦਿ ਵੱਖ-ਵੱਖ ਜਥੇਬੰਦੀਆਂ ਦੇ ਬੁਲਾਰਿਆਂ ਨੇ ਮੋਦੀ ਸਰਕਾਰ ’ਤੇ ਸੇਧਿਤ ਹੁੰਦਿਆਂ ਕਿਹਾ ਕਿ ਮੋਦੀ ਕਾਰਪੋਰੇਟ ਘਰਾਣਿਆਂ ਨਾਲ ਸਾਂਝ ਭਿਆਲੀ ਪੁਗਾਊਣ ਲਈ ਦੇਸ਼ ਦੇ ਮਿਹਨਤਕਸ਼ ਕਿਰਤੀ ਲੋਕਾਂ ਨਾਲ ਧਰੋਹ ਕਮਾ ਰਿਹਾ ਹੈ ਪਰ ਦੇਸ਼ ਦੇ ਮਿਹਨਤਕਸ਼ ਲੋਕ ਕਾਲੇ ਕਾਨੂੰਨ ਰੱਦ ਕਰਕੇ ਹੀ ਦਮ ਲੈਣਗੇ। ਇਸ ਮੌਕੇ ਕਾਕਾ ਸਿੰਘ ਮਾਛੀਕੇ, ਹਰਿੰਦਰ ਕੌਰ, ਤਰਸੇਮ ਰਾਮਾ, ਸਤਨਾਮ ਸਿੰਘ, ਕਰਮ ਕੁੱਸਾ ਨੇ ਵੀ ਸੰਬੋਧਨ ਕੀਤਾ।
ਕਿਸਾਨ ਆਗੂਆਂ ਵੱਲੋਂ ਕੌਮੀ ਮਾਰਗ ’ਤੇ ਜਾਮ ਲਗਾਉਣ ਦਾ ਐਲਾਨ
ਭੁੱਚੋ ਮੰਡੀ(ਪਵਨ ਗੋਇਲ): ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਵੱਲੋਂ ਲਹਿਰਾ ਬੇਗਾ ਟੌਲ ਪਲਾਜ਼ਾ ਅਤੇ ਬੈਸਟ ਪ੍ਰਾਈਜ਼ ਮਾਲ ਅੱਗੇ ਚੱਲ ਰਹੇ ਮੋਰਚਿਆਂ ਵਿੱਚ ਅੱਜ ਵੀ ਕਿਸਾਨਾਂ, ਔਰਤਾਂ ਅਤੇ ਬੱਚਿਆਂ ਦਾ ਭਾਰੀ ਇਕੱਠ ਸੀ। ਇਸ ਮੌਕੇ ਕਿਸਾਂਨਾਂ ਨੇ ਮੋਦੀ ਦੇ ਅੜੀਅਲ ਰਵੱਈਏ ਖ਼ਿਲਾਫ਼ ਜੋਸ਼ੀਲੀ ਨਾਅਰੇਬਾਜ਼ੀ ਕੀਤੀ। ਇਸ ਮੌਕੇ ਕਿਸਾਨ ਆਗੂ ਸਿਮਰਜੀਤ ਸਿੰਘ, ਲਖਵੀਰ ਸਿੰਘ, ਅਵਤਾਰ ਸਿੰਘ, ਦਰਸ਼ਨ ਸਿੰਘ ਮਾਈਸਰਖਾਨਾ ਅਤੇ ਮੋਠੂ ਸਿੰਘ ਕੋਟੜਾ ਨੇ 8 ਦਸੰਬਰ ਦੇ ਭਾਰਤ ਬੰਦ ਵਿੱਚ ਭਰਵਾਂ ਸਹਿਯੋਗ ਦੇਣ ਦਾ ਸੱਦਾ ਦਿੱਤਾ। ਸਿਮਰਜੀਤ ਸਿੰਘ ਨੇ ਦੱਸਿਆ ਕਿ ਭਾਰਤ ਬੰਦ ਦੌਰਾਨ 8 ਦਸੰਬਰ ਨੂੰ ਕੌਮੀ ਮਾਰਗ ’ਤੇ 12 ਤੋਂ 4 ਵਜੇ ਤੱਕ ਜਾਮ ਲਗਾਇਆ ਜਾਵੇਗਾ ਅਤੇ ਦਿੱਲੀ ਜਾਣ ਵਾਲੇ ਕਿਸਾਨਾਂ ਦੀਆਂ ਘਰ-ਘਰ ਜਾ ਕੇ ਲਿਸਟਾਂ ਤਿਆਰ ਕੀਤੀਆਂ ਜਾ ਰਹੀਆਂ ਹਨ। ਉਨ੍ਹਾਂ ਦੱਸਿਆ ਕਿ ਚੱਕਰਾਮ ਸਿੰਘ ਵਾਲਾ ਤੋਂ ਪੱਪੀ ਸਿੰਘ ਨੇ 30 ਕਿਸਾਨਾਂ ਦੀ ਬੱਸ ਭਰ ਕੇ ਦਿੱਲੀ ਰਵਾਨਾ ਕਰ ਦਿੱਤੀ ਹੈ। ਇਸੇ ਤਰ੍ਹਾਂ ਪਿੰਡ ਤੁੰਗਵਾਲੀ ਵਿੱਚ ਕਿਸਾਨ ਸੰਘਰਸ਼ ਸਮਰਥਨ ਕਮੇਟੀ ਦੇ ਬੈਨਰ ਹੇਠ ਵੱਖ-ਵੱਖ ਜਥੇਬੰਦੀਆਂ ਦੇ ਕਾਰਕੁਨਾਂ ਨੇ ਸਰਪੰਚ ਵਕੀਲ ਸਿੰਘ ਅਤੇ ਸੁਖਵਿੰਦਰ ਸਿੰਘ ਮਾਨ ਦੀ ਅਗਵਾਈ ਹੇਠ ਖੇਤੀ ਕਨੂੰਨਾਂ ਖ਼ਿਲਾਫ਼ ਰੋਸ ਮਾਰਚ ਕੀਤਾ ਅਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਪੂੰਜੀਪਤੀਆਂ ਦਾ ਪੁਤਲਾ ਫੂਕਿਆ।
ਧਨੇਰ ਦੀ ਦਿਹਾਤੀ ਮਜ਼ਦੂਰ ਸਭਾ ਵੱਲੋਂ ਮੁਜ਼ਾਹਰਾ
ਮਹਿਲ ਕਲਾਂ(ਨਵਕਿਰਨ ਸਿੰਘ): ਦਿਹਾਤੀ ਮਜ਼ਦੂਰ ਸਭਾ ਵੱਲੋਂ ਜਥੇਬੰਦੀ ਦੇ ਵਿੱਤ ਸਕੱਤਰ ਮਹਿੰਦਰ ਸਿੰਘ ਧਨੇਰ ਅਤੇ ਜਸਬੀਰ ਸਿੰਘ ਧਨੇਰ ਦੀ ਅਗਵਾਈ ਹੇਠ ਮੋਦੀ ਸਰਕਾਰ ਦੀਆਂ ਕਿਸਾਨ ਅਤੇ ਮਜ਼ਦੂਰ ਵਿਰੋਧੀ ਨੀਤੀਆਂ ਖਿਲਾਫ਼ ਪਿੰਡ ਧਨੇਰ ਵਿੱਚ ਅਰਥੀ ਫੂਕ ਮੁਜ਼ਾਹਰਾ ਕੀਤਾ ਗਿਆ। ਇਸ ਮੌਕੇ ਜੋਰਦਾਰ ਨਾਅਰੇਬਾਜ਼ੀ ਕਰਦਿਆਂ ਮਜ਼ਦੂਰਾਂ ਨੇ ਕਿਸਾਨ ਵਿਰੋਧੀ ਖੇਤੀ ਕਾਨੂੰਨ ਤੁਰੰਤ ਰੱਦ ਕਰਨ ਅਤੇ ਲੋਕ ਵਿਰੋਧੀ ਫ਼ੈਸਲੇ ਤੁਰੰਤ ਵਾਪਸ ਲੈਣ ਦੀ ਮੰਗ ਕੀਤੀ। ਇਸ ਮੌਕੇ ਮਜ਼ਦੂਰ ਆਗੂ ਚਮਕੌਰ ਸਿੰਘ,ਸੁੱਚਾ ਸਿੰਘ,ਧੰਨਾ ਸਿੰਘ ਗਿੰਦਰ ਸਿੰਘ ਧਨੇਰ,ਰਾਮ ਪ੍ਰਵੇਸ਼ ਸਿੰਘ ਕਲਾਲਮਾਜਰਾ,ਹਰਬੰਸ ਕੌਰ ਆਦਿ ਹਾਜ਼ਰ ਸਨ।