ਪੱਤਰ ਪ੍ਰੇਰਕ
ਟੱਲੇਵਾਲ, 30 ਮਾਰਚ
ਖੇਤੀ ਕਾਨੂੰਨਾਂ ਵਿਰੁੱਧ ਜਿੱਥੇ ਕਿਸਾਨ ਅੰਦੋਲਨ ਜਾਰੀ ਹੈ, ਉਥੇ ਇਸ ਸੰਘਰਸ਼ ਦਰਮਿਆਨ ਕਣਕ ਦੀ ਵਾਢੀ ਸ਼ੁਰੂ ਹੋ ਗਈ ਹੈ। ਕੰਬਾਈਨ ਯੁੱਗ ਦੇ ਬਾਵਜੂਦ ਕਣਕ ਦੀ ਹੱਥੀਂ ਵਾਢੀ ਕਿਸਾਨਾਂ ਵੱਲੋਂ ਕੀਤੀ ਜਾ ਰਹੀ ਹੈ। ਅੱਜ ਬਰਨਾਲਾ ਜ਼ਿਲੇ ਦੇ ਪਿੰਡ ਚੀਮਾ ’ਚ ਕਣਕ ਦੀ ਹੱਥੀਂ ਵਾਢੀ ਦੀ ਸ਼ੁਰੂਆਤ ਹੋ ਗਈ। ਪਰ ਕੇਂਦਰ ਸਰਕਾਰ ਤੇ ਪੰਜਾਬ ਸਰਕਾਰ ਦਰਮਿਆਨ ਫ਼ਸਲ ਦੀ ਖ਼ਰੀਦ ਨੂੰ ਲੈ ਕੇ ਰੇੜਕਾ ਜਾਰੀ ਹੈ। ਜਿਸ ਕਾਰਨ ਫ਼ਸਲ ਦੀ ਖ਼ਰੀਦ ਨੂੰ ਲੈ ਕੇ ਕਿਸਾਨ ਨਿਰਾਸ਼ ਹਨ। ਪਿੰਡ ਚੀਮਾ ਦੇ ਕਿਸਾਨ ਗੁਰਪ੍ਰੀਤ ਸਿੰਘ ਪੁੱਤਰ ਮੱਘਰ ਸਿੰਘ ਜੌਹਲ ਦੇ ਵਲੋਂ ਆਪਣੇ ਖੇਤਾਂ ਵਿੱਚ ਹੱਥੀਂ ਵਾਢੀ ਦੀ ਸ਼ੁਰੂਆਤ ਕੀਤੀ ਗਈ। ਮਜ਼ਦੂਰਾਂ ਵਲੋਂ ਇਹ ਕਣਕ ਵੱਢੀ ਜਾ ਰਹੀ ਹੈ। ਕਿਸਾਨ ਨੇ ਦੱਸਿਆ ਕਿ ਐਤਕੀਂ ਮੌਸਮ ਠੰਢੀ ਰਹਿਣ ਕਰਕੇ ਝਾੜ ਵਧੀਆ ਨਿਕਲਣ ਦੀ ਆਸ ਹੈ। ਉਧਰ, ਫ਼ਸਲ ਦੀ ਖ਼ਰੀਦ ਸਬੰਧੀ ਭਾਕਿਯੂ ਉਗਰਾਹਾਂ ਦੇ ਆਗੂ ਸੰਦੀਪ ਸਿੰਘ ਚੀਮਾ ਨੇ ਕਿਹਾ ਕਿ ਖੇਤੀ ਕਾਨੂੰਨਾਂ ਦੇ ਸੰਘਰਸ਼ ਕਾਰਨ ਕੇਂਦਰ ਸਰਕਾਰ ਪੰਜਾਬ ’ਚ ਫ਼ਸਲ ਦੀ ਖ਼ਰੀਦ ਕਰਨ ’ਚ ਦੇਰੀ ਕਰ ਰਹੀ ਹੈ। ਜਿਸ ਕਰਕੇ ਅਜੇ ਤੱਕ ਮੰਡੀਆਂ ਦੀ ਵੀ ਸਫ਼ਾਈ ਨਹੀਂ ਕੀਤੀ ਗਈ। ਇਸ ਤੋਂ ਪਹਿਲਾਂ ਸਰਕਾਰ ਵਲੋਂ 1 ਅਪਰੈਲ ਤੋਂ ਫ਼ਸਲ ਦੀ ਸਰਕਾਰੀ ਖ਼ਰੀਦ ਸਬੰਧੀ ਨੋਟੀਫਿਕੇਸ਼ਨ ਜਾਰੀ ਹੋ ਜਾਂਦਾ ਸੀ। ਜਦੋਂਕਿ ਇਸ ਵਾਰ ਖ਼ਰੀਦ 10 ਅਪਰੈਲ ’ਤੇ ਲਿਜਾਈ ਜਾ ਰਹੀ ਹੈ। ਇਸ ਨਾਲ ਅਗੇਤੀ ਫ਼ਸਲ ਵੱਢਣ ਵਾਲੇ ਕਿਸਾਨਾਂ ਨੂੰ ਆਪਣੀ ਫ਼ਸਲ ਦੀ ਸੰਭਾਲ ਕਰਨ ਵਿੱਚ ਦਿੱਕਤਾਂ ਆਉਣਗੀਆਂ।
ਸ਼ਹਿਣਾ (ਪ੍ਰਮੋਦ ਕੁਮਾਰ ਸਿੰਗਲਾ) ਕਸਬਾ ਸ਼ਹਿਣਾ ਖੇਤਰ ਦੇ ਕੁਝ ਕੁ ਕਿਸਾਨਾਂ ਵੱਲੋਂ ਅਗੇਤੀ ਕਣਕ ਦੀ ਵਾਢੀ ਸ਼ੁਰੂ ਕਰ ਦਿੱਤੀ ਹੈ। ਵਿਧਾਤਾ ਰੋਡ ’ਤੇ ਕਿਸਾਨਾਂ ਵੱਲੋਂ ਹੱਥੀਂ ਕਣਕ ਦੀ ਵਾਢੀ ਸ਼ੁਰੂ ਕੀਤੀ ਗਈ ਹੈ। ਪੰਜਾਬ ਸਰਕਾਰ ਵੱਲੋਂ ਕਣਕ ਦੀ ਖਰੀਦ ਲਈ 10 ਅਪਰੈਲ ਤੋਂ ਮੰਡੀਆਂ ਚਾਲੂ ਕਰਨ ਦਾ ਐਲਾਨ ਕੀਤਾ ਹੋਇਆ ਹੈ। ਹੱਥਾਂ ਨਾਲ ਵਾਢੀ ਕਰਨ ਵਾਲੀ ਲੇਬਰ ਮਹਿੰਗੀ ਪੈ ਰਹੀ ਹੈ ਤੇ ਮਸ਼ੀਨਾਂ ਨਾਲ ਵਾਢੀ ਵੀ 10 ਫੀਸਦ ਵਧ ਚੁੱਕੀ ਹੈ। ਕਿਸਾਨ ਜਰਨੈਲ ਸਿੰਘ, ਸੌਦਾਗਰ ਸਿੰਘ, ਹਾਕਮ ਸਿੰਘ, ਨਛੱਤਰ ਸਿੰਘ, ਮੱਖਣ ਸਿੰਘ, ਸੁਖਜਿੰਦਰ ਸਿੰਘ ਨੇ ਦੱਸਿਆ ਕਿ ਬੇਸ਼ੱਕ ਸੂਬੇ ’ਚ 10 ਅਪ੍ਰਰੈਲ ਤੋਂ ਕਣਕ ਦੀ ਖ਼ਰੀਦ ਸ਼ੁਰੂ ਹੋਵੇਗੀ ਪਰ ਉਦੋਂ ਤੱਕ ਕਿਸਾਨ ਕਣਕ ਨੂੰ ਘਰੇ ਹੀ ਸਾਂਭ ਕੇ ਰੱਖਣਗੇ। ਆਉਣ ਵਾਲੇ ਦਿਨਾਂ ’ਚ ਕਣਕ ਦੀ ਵਾਢੀ ਹੋਰ ਜ਼ੋਰ ਫੜ੍ਹ ਜਾਵੇਗੀ।