ਪਰਮਜੀਤ ਸਿੰਘ
ਫਾਜ਼ਿਲਕਾ, 5 ਜਨਵਰੀ
ਇੱਥੇ ਅੰਡਰਬ੍ਰਿਜ ਨੇੜੇ ਸਥਿਤ ਬਿਜਲੀ ਬੋਰਡ ਦੇ ਦਫ਼ਤਰ ਦੇ ਸਾਹਮਣੇ ਗ਼ਰੀਬ ਪਰਿਵਾਰਾਂ ਦੀਆਂ ਬਣੀਆਂ ਝੁੱਗੀ ਝੌਪੜੀਆਂ ਨੂੰ ਅਚਾਨਕ ਅੱਗ ਲੱਗ ਗਈ ਜਿਸ ਕਾਰਨ ਵੱਡੀ ਗਿਣਤੀ ’ਚ ਝੁੱਗੀਆਂ ਅਤੇ ਲੱਕੜ ਦੇ ਖੋਖੇ ਸੜ੍ਹ ਗਏ। ਝੁੱਗੀਆਂ ’ਚ ਰਹਿਣ ਵਾਲੇ ਲੋਕਾਂ ਨੇ ਸੁਰੱਖਿਅਤ ਸਥਾਨ ’ਤੇ ਪਹੁੰਚ ਕੇ ਆਪਣੀ ਜਾਨ ਬਚਾਈ। ਥਾਣਾ ਸਿਟੀ ਪੁਲਿਸ ਫਾਜ਼ਿਲਕਾ ਦੇ ਅਧਿਕਾਰੀ ਅਤੇ ਕਰਮਚਾਰੀ ਵੀ ਮੌਕੇ ’ਤੇ ਪਹੁੰਚੇ।
ਇਸ ਮੌਕੇ ਵੱਡੀ ਗਿਣਤੀ ’ਚ ਹਾਜ਼ਰ ਦੁਕਾਨਦਾਰਾਂ ਨੇ ਦੱਸਿਆ ਕਿ ਰਾਤ ਲਗਭਗ 11.30 ਵਜੇ ਉਨ੍ਹਾਂ ਨੂੰ ਝੁੱਗੀਆਂ ਦੇ ਨੇੜਿਓਂ ਲੰਘ ਰਹੇ ਲੋਕਾਂ ਨੇ ਦੱਸਿਆ ਕਿ ਉਨ੍ਹਾਂ ਦੀਆਂ ਦੁਕਾਨਾਂ ਦੇ ਨੇੜੇ ਝੁੱਗੀਆਂ ਨੂੰ ਅੱਗ ਲੱਗ ਗਈ ਹੈ ਜਿਸ ’ਤੇ ਉਹ ਆਪਣੀਆਂ ਦੁਕਾਨਾਂ ਅਤੇ ਖੋਖਿਆਂ ’ਤੇ ਪਹੁੰਚੇ ਅਤੇ ਆਪਣਾ ਸਾਮਾਨ ਬਾਹਰ ਕੱਢਣਾ ਸ਼ੁਰੂ ਕਰ ਦਿੱਤਾ। ਥਾਣਾ ਸਿਟੀ ਪੁਲੀਸ ਦੇ ਏਐੱਸਆਈ ਜਸਪਾਲ ਸਿੰਘ ਨੇ ਦੱਸਿਆ ਕਿ ਅੱਗ ਲੱਗਣ ਦੇ ਕਾਰਨਾਂ ਬਾਰੇ ਪਤਾ ਨਹੀਂ ਲੱਗ ਸਕਿਆ ਹੈ। ਉਨ੍ਹਾਂ ਦੱਸਿਆ ਕਿ ਉਨ੍ਹਾਂ ਪਹਿਲਾਂ ਫਾਜ਼ਿਲਕਾ ਦੇ ਫਾਇਰ ਬਿ੍ਗੇਡ ਦਫ਼ਤਰ ’ਚ ਇਸ ਦੀ ਸੂਚਨਾ ਦਿੱਤੀ, ਪਰ ਉੱਥੋਂ ਪਤਾ ਲੱਗਿਆ ਕਿ ਫਾਇਰ ਬਿ੍ਗੇਡ ਪ੍ਰਧਾਨ ਮੰਤਰੀ ਦੀ ਰੈਲੀ ਲਈ ਫਿਰੋਜ਼ਪੁਰ ਗਈ ਹੋਈ ਹੈ ਜਿਸ ਤੋਂ ਬਾਅਦ ਨੇੜਲੇ ਸ਼ਹਿਰ ਅਬੋਹਰ ਵਿੱਚ ਫਾਇਰ ਬਿ੍ਗੇਡ ਦੇ ਦਫ਼ਤਰ ਵਿੱਚ ਸੂਚਨਾ ਦਿੱਤੀ ਗਈ ਹੈ। ਅਬੋਹਰ ਤੋਂ ਘਟਨਾ ਵਾਲੀ ਥਾਂ ’ਤੇ ਪਹੁੰਚੇ ਫਾਇਰ ਬ੍ਰਿਗੇਡ ਦੇ ਕਰਮਚਾਰੀਆਂ ਨੇ ਅੱਗ ’ਤੇ ਕਾਬੂ ਪਾਇਆ। ਪੁਲੀਸ ਮਾਮਲੇ ਦੀ ਜਾਂਚ ਕਰ ਰਹੀ ਹੈ।