ਕਰਨ ਭੀਖੀ
ਭੀਖੀ, 19 ਅਗਸਤ
ਚੋਣਾਂ ਤੋਂ ਪਹਿਲਾਂ ਕੈਪਟਨ ਅਮਰਿੰਦਰ ਸਿੰਘ ਵੱਲੋਂ ਗੁਟਕਾ ਸਾਹਿਬ ਹੱਥ ਵਿੱਚ ਫੜ੍ਹ ਕੇ ਖਾਧੀਆਂ ਸੌਹਾਂ ਇੱਥੇ ਬਿਲਕੁਲ ਝੂਠੀਆਂ ਸਾਬਤ ਹੋ ਰਹੀਆਂ ਹਨ। ਨਾ ਤਾਂ ਨਸ਼ਾ ਵਿਕਣੋ ਬੰਦ ਹੋਇਆ ਹੈ ਤੇ ਨਾ ਹੀ ਨਸ਼ੇ ਨਾਲ ਹੁੰਦੀਆਂ ਮੌਤਾਂ ਘੱਟ ਹੋਈਆਂ ਹਨ। ਕਰੋਨਾ ਮਹਾਮਾਰੀ ਕਾਰਨ ਹੋਈ ਤਾਲਾਬੰਦੀ ਦੌਰਾਨ ਵੀ ਨਸ਼ਾ ਵਿਕਣਾ ਬੰਦ ਨਹੀਂ ਹੋਇਆ। ਇਸਦੀ ਤਾਜ਼ੀ ਮਿਸਾਲ ਤਰਨਤਾਰਨ ਜ਼ਿਲ੍ਹੇ ’ਚ ਜ਼ਹਿਰੀਲੀ ਸ਼ਰਾਬ ਨਾਲ ਹੋਈਆਂ ਮੌਤਾਂ ਹਨ। ਨਸ਼ੇ ਨੇ ਪਤਾ ਨਹੀਂ ਕਿੰਨੇ ਘਰਾਂ ਦੇ ਚਿਰਾਗ ਬੁਝਾ ਦਿੱਤੇ ਹਨ, ਕਿੰਨੀਆਂ ਹੀ ਔਰਤਾਂ ਦੇ ਸਿਰਾਂ ’ਤੇ ਚਿੱਟੀਆਂ ਚੁੰਨੀਆਂ ਆ ਗਈਆਂ ਹਨ।
ਕਸਬਾ ਭੀਖੀ ਦੇ ਵਾਰਡ ਨੰਬਰ ਦੋ ਦੀ ਵਸਨੀਕ ਰਾਜ ਰਾਣੀ ਪਤਨੀ ਜਸਵੰਤ ਸਿੰਘ ਕੁਦਰਤ ਨੂੰ ਦੁਹਾਈਆਂ ਦਿੰਦੀ ਹੈ ਕਿ ਉਸਦਾ ਪਤੀ ਜੋ ਸਕੂਟਰ, ਮੋਟਰਸਾਈਕਲਾਂ ਦੀ ਮੁਰੰਮਤ ਕਰਨ ਦਾ ਚੋਟੀ ਦਾ ਕਾਰੀਗਰ ਸੀ, ਜ਼ਿਆਦਾ ਸ਼ਰਾਬ ਦਾ ਆਦੀ ਹੋਣ ਕਾਰਨ ਉਸਦੀ ਦਿਲ ਦੀ ਧੜਕਣ ਰੁਕ ਗਈ ਤੇ ਮੌਤ ਹੋ ਗਈ। ਬਾਅਦ ’ਚ ਉਸਦਾ ਲੜਕਾ ਗੁਰਪਿਆਰ ਸਿੰਘ (22) ਚਿੱਟੇ ਦਾ ਆਦੀ ਹੋ ਗਿਆ। ਘਰ ਵਿੱਚ ਮਾਰ ਕੁਟਾਈ ਕਰਕੇ ਪੈਸੇ ਲੈ ਜਾਂਦਾ ਸੀ। ਮੋਬਾਈਲ ਰਿਪੇਅਰ ਦੀ ਦੁਕਾਨ ਖੁਲ੍ਹਵਾ ਕੇ ਦਿੱਤੀ ਉਹ ਸਾਰੀ ਨਸ਼ੇ ਦੇ ਲੇਖੇ ਲਾ ਦਿੱਤੀ। ਚਿੱਟੇ ਨੇ ਉਸਦੇ ਸਰੀਰ ਨੂੰ ਘੁਣ ਵਾਂਗ ਖਾ ਲਿਆ, ਜਿਸ ਕਾਰਨ ਉਸਦਾ ਲੀਵਰ ਕੰਮ ਛੱਡ ਗਿਆ, ਆਖਿਰ ਵੱਖ-ਵੱਖ ਹਸਪਤਾਲਾਂ ’ਚ ਦਾਖਲ ਕਰਵਾਉਣ ਤੋਂ ਪਿੱਛੋਂ ਰਜਿੰਦਰਾ ਹਸਪਤਾਲ ਪਟਿਆਲਾ ਲਿਜਾਇਆ ਗਿਆ ਜਿੱਥੇ 29 ਮਾਰਚ 2020 ਲੌਕਡਾਊਨ ਦੌਰਾਨ ਉਸਦੀ ਮੌਤ ਹੋ ਗਈ। ਰਾਜ ਰਾਣੀ ਦੇ ਬੁਢਾਪੇ ਦਾ ਸਹਾਰਾ ਬਣਨ ਵਾਲੇ ਪਤੀ ਤੇ ਪੁੱਤਰ ਇਸ ਦੁਨੀਆਂ ਤੋਂ ਕੂਚ ਕਰ ਗਏ। ਉਸ ਦੀਆਂ ਧੀਆਂ ਦੇ ਸਿਰ ਤੋਂ ਪਿਤਾ ਦਾ ਸਾਇਆ ਤੇ ਭਰਾ ਦੇ ਪਿਆਰ ਲਨੂੰ ਤਰਸ ਗਈਆਂ। ਇਨ੍ਹਾਂ ਨਿਮਾਣੀਆਂ ਦੇ ਦੁਖੀ ਦਿਲ ਦੀ ਹੂਕ ਨੂੰ ਕੌਣ ਸੁਣੇ?
ਇੱਕ ਹੋਰ ਦੁੱਖਾਂ ਦਾ ਪਹਾੜ ਰਾਜ ਰਾਣੀ ’ਤੇ ਆ ਡਿੱਗਿਆ। ਉਸ ਦੀਆਂ ਦੋ ਧੀਆਂ ’ਚ ਵੱਡੀ ਵਿਆਹੀ ਹੋਈ ਸੀ, ਜਿਸ ਦਾ ਪਤੀ ਨਸ਼ੇ ਤੇ ਮਾੜੀ ਸੰਗਤ ਵਿੱਚ ਪੈ ਗਿਆ, ਉਸਦੀ ਧੀ ਤੇ ਉਸਦੀ ਦੋਹਤੀ ਦੋਵੇਂ ਹੁਣ ਉਸ ਕੋਲ ਆ ਗਈਆਂ। ਰਾਜ ਰਾਣੀ ਲੋਕਾਂ ਦੇ ਕੱਪੜਿਆਂ ਦੀ ਸਿਲਾਈ ਕਰਕੇ, ਆਪਣੀਆਂ ਦੋ ਧੀਆਂ ਤੇ ਦੋਹਤੀ ਦਾ ਪੇਟ ਭਰ ਰਹੀ ਹੈ। ਰਾਜ ਰਾਣੀ ਨੇ ਸਰਕਾਰ ਨੂੰ ਅਪੀਲ ਕੀਤੀ ਹੈ ਕਿ ਉਸਦੇ ਪਰਿਵਾਰ ਦੀ ਮੱਦਦ ਕੀਤੀ ਜਾਵੇ।