ਪੱਤਰ ਪ੍ਰੇਰਕ
ਮਾਨਸਾ, 31 ਅਕਤੂਬਰ
ਮਾਨਸਾ ਪੁਲੀਸ ਵੱਲੋਂ ਨਵ-ਵਿਆਹੁਤਾ ਦੀ ਮੌਤ ਹੋਣ ਤੋਂ ਬਾਅਦ ਉਸ ਦੇ ਪਤੀ ਸਮੇਤ ਸੱਸ ਅਤੇ ਸਹੁਰੇ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ। ਪੁਲੀਸ ਅਨੁਸਾਰ ਲੜਕੀ ਦੀ ਵਿਆਹ ਤੋਂ ਮਹੀਨੇ ਬਾਅਦ ਮੌਤ ਹੋਈ ਦੱਸੀ ਜਾਂਦੀ ਹੈ। ਐਸਐਸਪੀ ਸੁਰੇਂਦਰ ਲਾਂਬਾ ਨੇ ਦੱਸਿਆ ਕਿ ਥਾਣਾ ਸਿਟੀ-1 ਮਾਨਸਾ ਵਿੱਚ ਦਰਜ ਮਾਮਲੇ ਵਿੱਚ ਮੁਦੈਲਾ ਰਜਨੀ ਬਾਲਾ ਪਤਨੀ ਰਾਕੇਸ਼ ਕੁਮਾਰ ਵਾਸੀ ਭੀਖੀ ਨੇ ਥਾਣਾ ਸਿਟੀ-1 ਮਾਨਸਾ ਵਿੱਚ ਦਰਖਾਸ਼ਤ ਦਿੱਤੀ ਕਿ ਜਦੋਂ ਉਹ ਆਪਣੀ ਲੜਕੀ ਵਿਸ਼ਾਖਾ ਦਾ ਪਤਾ ਲੈਣ ਲਈ ਮਾਨਸਾ ਹਸਪਤਾਲ ਵਿੱਚ ਆਏ ਤਾਂ ਪਤਾ ਲੱਗਾ ਕਿ ਉਸ ਦੀ ਲੜਕੀ ਵਿਸ਼ਾਖਾ ਦੀ ਮੌਤ ਹੋ ਚੁੱਕੀ ਹੈ। ਉਨ੍ਹਾਂ ਲੜਕੀ ਦੀ ਮੌਤ ਲਈ ਉਸ ਦੇ ਪਤੀ ਕਪਿਲ ਗੋਇਲ ਅਤੇ ਉਸ ਦੇ ਸੱਸ-ਸਹੁਰੇ ਦਾ ਹੱਥ ਹੋਣ ਦਾ ਦੋਸ਼ ਲਾਇਆ। ਸ੍ਰੀ ਲਾਂਬਾ ਨੇ ਕਿਹਾ ਕਿ ਲੜਕੀ ਦੀ ਮੌਤ ਵਿਆਹ ਤੋਂ ਕਰੀਬ 1 ਮਹੀਨੇ ਬਾਅਦ ਸਹੁਰੇ ਘਰ ਵਿੱਚ ਹੋ ਜਾਣ ਕਰਕੇ 4 ਮੈਂਬਰੀ ਕਮੇਟੀ ਦਾ ਗਠਨ ਕਰਕੇ ਉਪ ਕਪਤਾਨ ਪੁਲੀਸ (ਸ:ਡ:) ਮਾਨਸਾ, ਉਪ ਕਪਤਾਨ ਪੁਲੀਸ (ਡੀ.) ਮਾਨਸਾ, ਮੁੱਖ ਅਫਸਰ ਥਾਣਾ ਸਿਟੀ-1 ਮਾਨਸਾ ਅਤੇ ਇੰਚਾਰਜ ਵਿਮੈਨ ਸੈੱਲ ਮਾਨਸਾ ਨੂੰ ਮੈਂਬਰ ਨਿਯੁਕਤ ਕੀਤਾ ਗਿਆ। ਉਨ੍ਹਾਂ ਕਿਹਾ ਕਿ ਕਮੇਟੀ ਵੱਲੋਂ ਮੁੱਖ ਮੁਲਜ਼ਿਮ ਕਪਿਲ ਗੋਇਲ ਪੁੱਤਰ ਸੰਜੀਵ ਕੁਮਾਰ ਗੋਇਲ ਨੂੰ 23 ਅਕਤੂਬਰ ਨੂੰ ਗ੍ਰਿਫਤਾਰ ਕੀਤਾ ਗਿਆ ਅਤੇ ਕੱਲ੍ਹ ਉਸ ਦੇ ਪਿਤਾ ਸੰਜੀਵ ਕੁਮਾਰ ਗੋਇਲ ਅਤੇ ਮਾਤਾ ਗੀਤਾ ਰਾਣੀ ਵਾਸੀ ਮਾਨਸਾ ਨੂੰ ਗ੍ਰਿਫ਼ਤਾਰ ਕਰਕੇ ਅੱਜ ਅਦਾਲਤ ਵਿੱਚ ਪੇਸ਼ ਕਰਕੇ 2 ਦਿਨਾਂ ਦਾ ਪੁਲੀਸ ਰਿਮਾਂਡ ਹਾਸਲ ਕੀਤਾ ਗਿਆ ਹੈ।