ਪੱਤਰ ਪ੍ਰੇਰਕ
ਮਾਨਸਾ, 25 ਅਕਤੂਬਰ
ਭਾਰਤ ਮੁਕਤੀ ਮੋਰਚਾ ਵੱਲੋਂ ਸ਼ੁਰੂ ਕੀਤੇ ਦੇਸ਼ਿਵਆਪੀ ਅੰਦੋਲਨ ਤਹਿਤ ਅੱਜ ਭਾਰਤ ਮੁਕਤੀ ਮੋਰਚਾ ਦੇ ਸੂਬਾ ਮੀਤ ਪ੍ਰਧਾਨ ਗੁਰਦੀਪ ਹੀਰਾ ਦੀ ਅਗਵਾਈ ਹੇਠ ਇਥੇ ਡਿਪਟੀ ਕਮਿਸ਼ਨਰ ਦਫ਼ਤਰ ਅੱਗੇ ਭੁੱਖ ਹੜਤਾਲ ਕੀਤੀ ਗਈ। ਜਥੇਬੰਦੀ ਦੇ ਆਗੂ ਗੁਰਦੀਪ ਹੀਰਾ ਨੇ ਕਿਹਾ ਕਿ ਅੱਜ ਪੂਰੇ ਦੇਸ਼ ਵਿੱਚ ਫੈਲੀ ਭੁੱਖਮਰੀ, ਬੇਰੁਜ਼ਗਾਰੀ ਤੇ ਗਰੀਬੀ ਦੇਸ਼ ਦੇ ਸਭ ਤੋਂ ਵੱਡੇ ਅਤਿਵਾਦੀ ਤੇ ਅਣ-ਅਧਿਕਾਰਤ ਸੰਗਠਨ ਆਰਐੱਸਐੱਸ ਤੇ ਭਾਜਪਾ ਦੀ ਦੀ ਦੇਣ ਹੈ। ਉਨ੍ਹਾਂ ਕਿਹਾ ਕਿ ਦੇਸ਼ ਦੀ ਜਾਇਦਾਦ ਨੂੰ ਕੌਡੀਆਂ ਦੇ ਭਾਅ ’ਚ ਆਪਣੇ ਚਹੇਤਿਆਂ ਨੂੰ ਵੇਚਿਆ ਗਿਆ ਹੈ। ਉਨ੍ਹਾਂ ਕਿਹਾ ਪੂਰੇ ਦੇਸ਼ ’ਚ ਰਾਜ ਕਰਦੀਆਂ ਕਾਂਗਰਸ, ਬੀਜੇਪੀ, ‘ਆਪ’ ਵਰਗੀਆਂ ਕੱਟੜਵਾਦੀ ਪਾਰਟੀ ਵੱਲੋਂ ਆਰਐੱਸਐੱਸ ਦੇ ਇਸ਼ਾਰੇ ’ਤੇ ਭਾਰਤ ਦੇ ਸੰਵਿਧਾਨ ਨੂੰ ਬਦਲਣ ਵਿਰੁੱਧ ਤੇ ਆਰਟੀਕਲ 19 ਨੂੰ ਖਤਮ ਕਰਨ ਵਿਰੁੱਧ ਭਾਰਤ ਮੁਕਤੀ ਮੋਰਚਾ ਵੱਲੋਂ ਪੂਰੇ ਭਾਰਤ ’ਚ ਦੇਸ਼ ਵਿਆਪੀ ਅੰਦੋਲਨ ਆਰੰਭ ਕੀਤਾ ਗਿਆ, ਜਿਸ ਦੇ ਦੂਸਰੇ ਪੜਾਅ ਵਜੋਂ ਜ਼ਿਲ੍ਹਾ ਹੈਡ ਕੁਆਰਟਰਾਂ ’ਤੇ ਭੁੱਖ ਹੜਾਤਲ ਕੀਤੀ ਗਈ। ਇਸ ਮੌਕੇ ਜਸਵੰਤ ਸਿੰਘ, ਪਤਰਸ ਮਸੀਹ, ਭੀਮ ਭੁਪਾਲਾ, ਦਲਵਿੰਦਰ ਸਿੰਘ, ਅਜਾਇਬ ਸਿੰਘ ਨੇ ਵੀ ਸੰਬੋਧਨ ਕੀਤਾ।