ਲਖਵਿੰਦਰ ਸਿੰਘ
ਮਲੋਟ, 21 ਅਪਰੈਲ
ਪਿਛਲੇ ਦਿਨੀਂ ਪਏ ਮੀਂਹ ਅਤੇ ਨਾਕਸ ਨਿਕਾਸੀ ਪ੍ਰਬੰਧਾਂ ਕਾਰਨ ਦਾਣਾ ਮੰਡੀ ਵਿੱਚ ਪਈ ਸੈਂਕੜੇ ਕੁਇੰਟਲ ਕਣਕ ਜਲਥਲ ਹੋ ਗਈ। ਗੱਟਿਆਂ ਵਿਚ ਭਰੀ ਕਣਕ ’ਚੋਂ ਵੀ ਮੁਸ਼ਕ ਮਾਰਨ ਲੱਗਿਆ ਹੈ। ਮੌਕੇ ’ਤੇ ਮੌਜੂਦ ਵੱਖ-ਵੱਖ ਪਿੰਡਾਂ ਦੇ ਕਿਸਾਨਾਂ ਅਜਮੇਰ ਸਿੰਘ ਪਿੰਡ ਮਲੋਟ, ਜਸਵੀਰ ਸਿੰਘ ਬੁਰਜ ਸਿੱਧਵਾਂ, ਸੁਰਜੀਤ ਸਿੰਘ ਖੇਮਾ ਖੇੜਾ , ਰਮਨ ਸਿੰਘ ਭੂੰਦੜ, ਬਲਦੇਵ ਸਿੰਘ ਬੋਦੀ ਵਾਲਾ, ਸਾਧੂ ਰਾਮ ਮਲੋਟ ਆਦਿ ਨੇ ਦੱਸਿਆ ਕਿ ਦਾਣਾ ਮੰਡੀ ਵਿੱਚ ਨਿਕਾਸੀ ਦੇ ਪ੍ਰਬੰਧ ਦਰੁਸਤ ਨਾ ਹੋਣ ਕਰਕੇ ਸੈਂਕੜੇ ਕੁਇੰਟਲ ਕਣਕ ਜਲਥਲ ਹੋ ਗਈ, ਜਿਸ ਨੂੰ ਉਹ ਸੁਕਾਉਣ ਲਈ ਟਰਾਲੀਆਂ ਵਿਚ ਭਰ ਕੇ ਦੁਬਾਰਾਂ ਘਰੋ-ਘਰੀ ਲਿਜਾ ਰਹੇ ਹਨ।
ਉਨ੍ਹਾਂ ਕਿਹਾ ਕਿ ਜਿਹੜੀ ਕਣਕ ਗੱਟਿਆਂ ਵਿਚ ਭਰੀ ਜਾ ਚੁੱਕੀ ਹੈ, ਉਸ ਵਿਚੋਂ ਵੀ ਮੁਸ਼ਕ ਮਾਰ ਰਿਹਾ ਹੈ। ਉਨ੍ਹਾਂ ਕਿਹਾ ਕਿ ਜੇਕਰ ਇਕ-ਦੋ ਦਿਨ ਹੋਰ ਹਾਲਾਤ ਇਹੀ ਰਹੇ ਤਾਂ ਦਾਣਾ ਮੰਡੀ ਵਿੱਚ ਮੁਸ਼ਕ ਕਾਰਨ ਖੜ੍ਹਿਆ ਵੀ ਨਹੀਂ ਜਾ ਸਕੇਗਾ। ਉਨ੍ਹਾਂ ਗਿਲਾ ਜ਼ਾਹਿਰ ਕਰਦਿਆਂ ਕਿਹਾ ਕਿ ਲੰਘੇ ਦਿਨ ਡਿਪਟੀ ਕਮਿਸ਼ਨਰ ਮਾਰਕੀਟ ਕਮੇਟੀ ਵਿੱਚ ਆਏ ਸਨ, ਪਰ ਉਨ੍ਹਾਂ ਕਿਸਾਨਾਂ ਨਾਲ ਕੋਈ ਗੱਲਬਾਤ ਨਹੀਂ ਕੀਤੀ। ਉਨ੍ਹਾਂ ਕਿਹਾ ਕਿ ਅਨੇਕਾਂ ਕਿਸਾਨਾਂ ਦੀ ਕਣਕ ਮੀਂਹ ਕਰਕੇ ਖਰਾਬ ਹੋ ਗਈ ਪਰ ਕੋਈ ਵੀ ਅਧਿਕਾਰੀ ਉਨ੍ਹਾਂ ਤੱਕ ਨਹੀਂ ਪਹੁੰਚਿਆ।
ਉਨ੍ਹਾਂ ਕਿਹਾ ਕਿ ਜੇ ਬਾਰਦਾਨੇ, ਤੋਲ ਅਤੇ ਲਿਫਟਿੰਗ ਦੇ ਪੁਖਤਾ ਪ੍ਰਬੰਧ ਹੋਣ ਤਾਂ ਇਹ ਨੌਬਤ ਹੀ ਨਹੀਂ ਆਉਂਦੀ, ਜਿਸ ਦਾ ਖਮਿਆਜ਼ਾ ਕਿਸਾਨਾਂ ਨੂੰ ਭੁਗਤਣਾ ਪੈਂਦਾ ਹੈ।
ਹੰਡਿਆਇਆ(ਪੱਤਰ ਪ੍ਰੇਰਕ): ਬੇਮੌਸਮੇ ਮੀਂਹ ਕਾਰਨ ਕਿਸਾਨਾਂ ਦੀ ਮੰਡੀਆਂ ’ਚ ਪਈ ਕਣਕ ਅਤੇ ਭਰੇ ਗੱਟੇ ਭਿੱਜ ਗਏ ਹਨ| ਹੰਡਿਆਇਆ, ਖੁੁੱਡੀ ਕਲਾਂ ਅਤੇ ਖੁੁੱਡੀ ਖ਼ੁੁਰਦ ਵਿਖੇ ਮੰਡੀਆਂ ਵਿਚ ਕਿਸਾਨਾਂ ਵਲੋਂ ਵੇਚਣ ਲਈ ਲਿਆਂਦੀ ਕਣਕ ਕਿਸਾਨਾਂ ਨੂੰ ਤਰਪਾਲਾਂ ਨਾਲ ਢੱਕਣ ਲਈ ਮਜਬੂਰ ਹੋਣਾ ਪਿਆ| ਆੜ੍ਹਤੀਏ ਵਲੋਂ ਖ਼ਰੀਦੀ ਵੱਖ-ਵੱਖ ਕੰਪਨੀਆਂ ਲਈ ਬੋਰੀਆਂ ਵਿਚ ਭਰੀ ਕਣਕ ਖੁੁੱਲ੍ਹੇ ਅਸਮਾਨ ਹੇਠ ਪਈ ਭਿੱਜ ਗਈ|
ਜ਼ਿਆਦਾ ਮੀਂਹ ਪੈਣ ਕਰਕੇ ਆਈ ਦਿੱਕਤ
ਮਾਰਕੀਟ ਕਮੇਟੀ ਦੇ ਸੈਕਟਰੀ ਗੁਰਪ੍ਰੀਤ ਸਿੰਘ ਸਿੱਧੂ ਨੇ ਕਿਹਾ ਕਿ ਪਾਣੀ ਦੀ ਨਿਕਾਸੀ ਦੀ ਕੋਈ ਸਮੱਸਿਆ ਨਹੀਂ, ਪਰ ਇਕਦਮ ਜ਼ਿਆਦਾ ਮੀਂਹ ਪੈਣ ਕਰਕੇ ਕਿਸਾਨਾਂ ਨੂੰ ਮੁਸ਼ਕਲ ਆਈ ਹੈ। ਉਨ੍ਹਾਂ ਕਿਹਾ ਕਿ ਉਹ ਕਿਸਾਨਾਂ ਨੂੰ ਹਰ ਸੰਭਵ ਸਹਿਯੋਗ ਦੇ ਰਹੇ ਹਨ। ਉਨ੍ਹਾਂ ਕਿਹਾ ਕਿ ਭਵਿੱਖ ’ਚ ਅਜਿਹੀ ਕੋਈ ਮੁਸ਼ਕਲ ਨਹੀਂ ਆਉਣ ਦਿੱਤੀ ਜਾਵੇਗੀ।