ਜੋਗਿੰਦਰ ਸਿੰਘ ਮਾਨ
ਮਾਨਸਾ, 3 ਫਰਵਰੀ
ਭਾਵੇਂ ਚੋਣਾਂ ਦੀ ਜੰਗ ਵਿੱਚ ਇੱਕ-ਇੱਕ ਵੋਟ ਕੀਮਤੀ ਮੰਨੀ ਜਾ ਰਹੀ ਹੈ, ਪਰ ਸ੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਦੀ ਪਤਨੀ ਹਰਸਿਮਰਤ ਕੌਰ ਬਾਦਲ ਅਤੇ ਨੌਜਵਾਨ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦੀ ਮਾਂ ਚਰਨ ਕੌਰ ਜਲਾਲਾਬਾਦ ਅਤੇ ਮਾਨਸਾ ਵਿਧਾਨ ਸਭਾ ਹਲਕਿਆਂ ਵਿੱਚ ਉਨ੍ਹਾਂ ਦੇ ਹੱਕ ਵਿੱਚ ਵੋਟ ਨਹੀਂ ਪਾ ਸਕਣਗੀਆਂ। ਇਹ ਉਮੀਦਵਾਰ ਆਪਣੇ-ਆਪ ਨੂੰ ਵੀ ਆਪਣੀ ਵੋਟ ਨਹੀਂ ਪਾ ਸਕਣਗੇ। ਭਦੌੜ ਹਲਕੇ ਤੋਂ ਮੁੱਖ ਮੰਤਰੀ ਚਰਨਜੀਤ ਸਿੰਘ ਨੂੰ ਉਨ੍ਹਾਂ ਦੀ ਪਤਨੀ ਸਮੇਤ ਪੂਰੇ ਪਰਿਵਾਰ ਦੀ ਵੋਟ ਨਹੀਂ ਪੈ ਸਕੇਗੀ। ਵੇਰਵਿਆਂ ਅਨੁਸਾਰ ਪੰਜਾਬ ਵਿੱਚ ਸਭ ਤੋਂ ਹੌਟ ਸੀਟ ਅੰਮ੍ਰਿਤਸਰ (ਪੂਰਬੀ) ਹੈ, ਜਿੱਥੇ ਨਵਜੋਤ ਸਿੰਘ ਸਿੱਧੂ ਅਤੇ ਬਿਕਰਮ ਸਿੰਘ ਮਜੀਠੀਆ ਮੈਦਾਨ ਵਿੱਚ ਹਨ। ਇਨ੍ਹਾਂ ਦੋਨਾਂ ਉਮੀਦਵਾਰਾਂ ਦੀਆਂ ਪਤਨੀਆਂ ਵੀ ਇਨ੍ਹਾਂ ਨੂੰ ਵੋਟ ਨਹੀਂ ਪਾ ਸਕਣਗੀਆਂ। ਬਿਕਰਮ ਸਿੰਘ ਮਜੀਠੀਆ ਆਪਣੀ ਪਤਨੀ ਗੁਨੀਵ ਕੌਰ ਨੂੰ ਵੋਟ ਜ਼ਰੂਰ ਪਾ ਸਕਣਗੇ। ਨਵਜੋਤ ਸਿੱਧੂ ਦੀ ਪਤਨੀ ਦੀ ਵੋਟ ਅੰਮ੍ਰਿਤਸਰ (ਪੱਛਮੀ)ਵਿੱਚ ਹੈ। ਇਸੇ ਤਰ੍ਹਾਂ ਬਿਕਰਮ ਸਿੰਘ ਮਜੀਠੀਆ ਦੀ ਵੋਟ ਮਜੀਠਾ ਹਲਕੇ ਵਿੱਚ ਹੈ। ਉਸੇ ਸੀਟ ਉਤੇ ਆਈਏਐਸ ਜਗਮੋਹਨ ਸਿੰਘ ਰਾਜੂ ਦੀ ਵੋਟ ਪਟਿਆਲਾ ਹਲਕੇ ਵਿੱਚ ਹੈ। ਉਹ ਆਪਣੇ-ਆਪ ਨੂੰ ਵੀ ਵੋਟ ਨਹੀਂ ਪਾ ਸਕਣਗੇ। ਆਮ ਆਦਮੀ ਪਾਰਟੀ ਦੇ ਧੂਰੀ ਤੋਂ ਉਮੀਦਵਾਰ ਭਗਵੰਤ ਮਾਨ ਵੀ ਆਪਣੇ-ਆਪ ਨੂੰ ਵੋਟ ਨਹੀਂ ਪਾ ਸਕਣਗੇ।
ਭਾਵੇਂ ਪੰਜਾਬ ਵਿੱਚ ਇੱਕ-ਇੱਕ ਵੋਟ ਲਈ ਹਰ ਹੀਲਾ ਵਸੀਲਾ ਵਰਤਿਆ ਜਾਣ ਲੱਗਾ ਹੈ, ਪਰ ਜਿਹੜੇ ਉਮੀਦਵਾਰ ਆਪਣੇ ਜੱਦੀ ਹਲਕੇ ਦੀ ਥਾਂ ਹੋਰਨਾਂ ਹਲਕਿਆਂ ਵਿੱਚ ਚੋਣ ਲੜ ਰਹੇ ਹਨ, ਉਹ ਆਪਣੀ ਵੋਟ ਵੀ ਆਪਣੇ ਆਪ ਨੂੰ ਨਹੀਂ ਪਾ ਸਕਣਗੇ।