ਗੁਰਸੇਵਕ ਸਿੰਘ ਪ੍ਰੀਤ
ਸ੍ਰੀ ਮੁਕਤਸਰ ਸਾਹਿਬ, 2 ਮਾਰਚ
ਮਹਿੰਗਾਈ ਦੀ ਮਾਰ ਦਿਨੋ-ਦਿਨ ਵੱਧਦੀ ਜਾ ਰਹੀ ਹੈ ਜਿਸ ਦੇ ਚੱਲਦਿਆਂ ਖਾਣ-ਪੀਣ ਦੀਆਂ ਵਸਤਾਂ ’ਚ ਅਚਾਨਕ ਹੀ 50 ਤੋਂ ਸੌ ਰੁਪਏ ਪ੍ਰਤੀ ਕਿਲੋ ਤੱਕ ਦਾ ਵਾਧਾ ਹੋ ਗਿਆ ਹੈ। ਇਸ ਨਾਲ ਆਮ ਆਦਮੀ ਦਾ ਬਜਟ ਡਗਮਗਾ ਗਿਆ ਹੈ। ਇਹ ਵਾਧਾ ਹੋਣ ਦਾ ਕੁਝ ਕਾਰਣ ਯੁੱਧ ਤੇ ਕੁੱਝ ਚੋਣਾਂ ਦੱਸਿਆ ਜਾ ਰਿਹਾ ਹੈ। ਪਰ ਹਾਲੇ ਤੱਕ ਹਰੀਆਂ ਸਬਜ਼ੀਆਂ ਇਸ ਮਾਰ ਤੋਂ ਬਚੀਆਂ ਹਨ। ਪ੍ਰਾਪਤ ਜਾਣਕਾਰੀ ਅਨੁਸਾਰ ਪਿਛਲੇ ਦੋ ਦਿਨਾਂ ’ਚ ਚਿਕਨ ਦੇ ਭਾਅ ਹੀ 40 ਤੋਂ 50 ਰੁਪਏ ਅਤੇ ਬੱਕਰੇ ਦੇ ਮੀਟ ਦਾ ਭਾਅ 80 ਤੋਂ ਸੌ ਰੁਪਏ ਪ੍ਰਤੀ ਕਿਲੋ ਤੱਕ ਵੱਧ ਗਿਆ ਹੈ। ਹਾਲਾਂਕਿ ਨਾ ਤਾਂ ਮੀਟ-ਮੁਰਗਾ ਵਿਦੇਸ਼ ਜਾਂਦਾ ਹੈ ਤਾਂ ਨਾ ਹੀ ਵਿਦੇਸ਼ੋਂ ਆਉਂਦਾ ਹੈ। ਮੀਟ ਵਿਕ੍ਰੇਤਾ ਅਵਤਾਰ ਸਿੰਘ ਨੇ ਦੱਸਿਆ ਕਿ ਪੋਲਟਰੀ ਫਾਰਮ ਵਾਲੇ ਜਦੋਂ ਮਾਲ ਘੱਟ ਤਿਆਰ ਕਰਦੇ ਹਨ ਤਾਂ ਭਾਅ ਵੱਧ ਜਾਂਦਾ ਹੈ। ਇਸੇ ਤਰ੍ਹਾਂ ਅਮੁੂਲ ਦੁੱਧ ਦੇ ਭਾਅ ਵਿੱਚ ਦੋ ਰੁਪਏ ਪ੍ਰਤੀ ਕਿਲੋ ਤੱਕ ਦਾ ਵਾਧਾ ਹੋਣ ਤੋਂ ਬਾਅਦ ਦੁੱਧ ਉਤਪਾਦਕਾਂ ਨੇ 10 ਰੁਪਏ ਕਿਲੋ ਤੱਕ ਦਾ ਵਾਧਾ ਕਰ ਦਿੱਤਾ ਹੈ। ਇਸੇ ਤਰ੍ਹਾਂ ਬਨਸਪਤੀ ਘਿਓ ਅਤੇ ਰਿਫਾਈਂਡ ਵਿੱਚ 30 ਰੁਪਏ ਪ੍ਰਤੀ ਕਿਲੋ, ਸੁੱਕਾ ਦੁੱਧ ਤੇ ਦੇਸੀ ਘਿਓ 50 ਰੁਪਏ ਅਤੇ ਕੱਪੜੇ ਧੋਣ ਵਾਲੇ ਸਾਬਣ ਦੇ ਭਾਅ ਵਿੱਚ 10 ਰੁਪਏ ਪ੍ਰਤੀ ਕਿਲੋ ਦਾ ਵਾਧਾ ਦੋ ਦਿਨਾਂ ਵਿੱਚ ਹੀ ਹੋ ਗਿਆ ਹੈ। ਥੋਕ ਵਪਾਰੀ ਸਰਵੇਸ਼ ਕੋਸ਼ਲ ਦਾ ਕਹਿਣਾ ਹੈ ਕਿ ਉਹ ਸਟਾਕ ਵਿੱਚ ਪਿਆ ਮਾਲ ਅਸਲ ਵਾਧੇ ਤੋਂ ਘੱਟ ਰੇਟ ’ਤੇ ਵੇਚ ਰਹੇ ਹਨ। ਜਦੋਂ ਇਹ ਸਟਾਕ ਖਤਮ ਹੋ ਗਿਆ ਤਾਂ ਅਸਲ ਵਾਧਾ ਲਾਗੂ ਹੋਣ ਨਾਲ ਮਹਿੰਗਾਈ ਹੋਰ ਵੱਧ ਜਾਵੇਗੀ। ਲੋਕਾਂ ਦੀ ਮੰਗ ਹੈ ਕਿ ਸਰਕਾਰ ਮਹਿੰਗਾਈ ’ਤੇ ਕਾਬੂ ਪਾਵੇ।
ਪੈਟਰੋਲ ਪੰਪਾਂ ਤੋਂ ਲੋਕ ਡੀਜ਼ਲ ਦੇ ਡਰੰਮ ਭਰਵਾਉਣ ਲੱਗੇ
ਬਰੇਟਾ (ਪੱਤਰ ਪ੍ਰੇਰਕ): ਇਸ ਸਮੇਂ ਰੂਸ-ਯੂਕਰੇਨ ਜੰਗ ਦਾ ਜਿੱਥੇ ਅਨੇਕਾ ਖੇਤਰਾਂ ਵਿੱਚ ਪ੍ਰਭਾਵ ਪੈ ਰਿਹਾ ਹੈ ਉਥੇ ਇਲਾਕੇ ਦੇ ਲੋਕਾਂ ਵੱਲੋਂ ਤੇਲ ਕੀਮਤਾਂ ਦੇ ਵਾਧੇ ਦੀ ਸੰਭਾਵਨਾ ਦੇ ਮੱਦੇਨਜ਼ਰ ਪਟਰੋਲ ਪੰਪਾਂ ਤੋਂ ਡੀਜ਼ਲ ਦੇ ਢੋਲ ਤੇ ਟੈਂਕੀਆਂ ਭਰਵਾ ਕੇ ਲਿਜਾਣ ਲੱਗੇ ਹਨ। ਇਥੇ ਇਕ ਪੰਪ ’ਤੇ ਲੱਗੀ ਭੀੜ ਵਿੱਚ ਗੱਲ ਕਰਨ ’ਤੇ ਪਿੰਡ ਖੁਡਾਲ ਕਲਾਂ ਦੇ ਡੀਜ਼ਲ ਦੇ ਢੋਲ ਭਰਵਾਉਣ ਲਈ ਪੁੱਜੇ ਨੌਜਵਾਨਾਂ ਨੇ ਦੱਸਿਆ ਕਿ ਹਾਲਾਤ ਦੀ ਚਰਚਾ ਕਾਰਨ ਕਿ ਕਿਧਰੇ ਡੀਜ਼ਲ ਦੀ ਤੋਟ ਨਾ ਜਾਵੇ ਇਸ ਲਈ ਓਹ ਡੀਜ਼ਲ ਘਰ ਲਿਜਾ ਕੇ ਰੱਖ ਰਹੇ ਹਨ। ਇਸੇ ਤਰ੍ਹਾਂ ਅਨੇਕਾਂ ਲੋਕ ਟਰੈਕਟਰ ਟਰਾਲੀਆਂ ਵਿੱਚ ਢੋਲ ਭਰਵਾ ਕੇ ਲਿਜਾਂਦੇ ਦੇਖੇ ਗਏ। ਪੈਟਰੋਲ ਪੰਪ ਦੇ ਮਾਲਕ ਨਾਲ ਇਸ ਸਬੰਧੀ ਗੱਲ ਕਰਨ ’ਤੇ ਉਸ ਨੇ ਕਿਹਾ ਕਿ ਤੋਟ ਆਉਣ ਦੀ ਕੋਈ ਗੱਲ ਨਹੀਂ ਦਿਖਾਈ ਨਹੀਂ ਰਹੀ। ਇਹ ਲੋਕਾਂ ਦਾ ਭਰਮ ਹੀ ਹੈ।