ਪੱਤਰ ਪ੍ਰੇਰਕ
ਹੰਡਿਆਇਆ, 30 ਅਪਰੈਲ
ਘੋੜੇ ਦੀ ਖਰੀਦੋ-ਫਰੋਖ਼ਤ ਵਿੱਚ ਕਥਿਤ ਤੌਰ ’ਤੇ ਪੱਚੀ ਲੱਖ ਦੀ ਮਾਰੀ ਠੱਗੀ ਦਾ ਮਾਮਲਾ ਹੱਲ ਹੋ ਗਿਆ ਹੈ। ਇਸ ਠੱਗੀ ਦੇ ਮੁੱਖ ਸਰਗਨੇ ਨੇ ਆਪਣੇ ਹਿੱਸੇ ’ਚ ਆਉਂਦੇ ਪੰਜ ਲੱਖ ਰੁਪਏ ਦੀ ਰਕਮ ਪੀੜਤ ਹਲਵਾਈ ਨੂੰ ਦੇ ਦਿੱਤੀ ਹੈ। ਠੱਗੀ ਦੇ ਮੁੱਖ ਹਿੱਸੇਦਾਰ ਮੇਵਾ ਸਿੰਘ ਦਾ ਕਹਿਣਾ ਹੈ ਕਿ ਠੱਗੀ ਮਾਰਨ ਵਿੱਚ ਉਸ ਦੇ ਚਾਰ-ਪੰਜ ਸਾਥੀ ਹੋਰ ਵੀ ਸ਼ਾਮਲ ਹਨ ਜਿਨ੍ਹਾਂ ਵਿੱਚੋਂ ਦੋ ਹਰਿਆਣਾ ਤੇ ਦੋ ਯੂਪੀ ਨਾਲ ਸਬੰਧ ਰੱਖਦੇ ਹਨ। ਉਸ ਨੇ ਇਹ ਵੀ ਕਿਹਾ ਕਿ ਉਹ ਛੇਤੀ ਹੀ ਪੁਲੀਸ ਨੂੰ ਉਨ੍ਹਾਂ ਦਾ ਰਹਿਣ ਦਾ ਟਿਕਾਣਾ ਅਤੇ ਪਤਾ ਦੱਸ ਦੇਵੇਗਾ। ਪੀੜਤ ਸੱਤਿਆ ਨੰਦ ਹਲਵਾਈ ਨੇ ਦੱਸਿਆ ਕਿ ਉਹ ਤੇ ਉਸ ਦਾ ਪਰਿਵਾਰ ‘ਪੰਜਾਬੀ ਟ੍ਰਿਬਿਊਨ’ ਵਿੱਚ ਛਪਦੇ ਮਾਲਵਾ ਪੇਜ ਦਾ ਬਹੁਤ ਧੰਨਵਾਦੀ ਹੈ ਜਿਸ ਨੇ ਇਸ ਮਾਰੀ ਗਈ ਠੱਗੀ ਦਾ ਵੇਰਵਾ 23 ਅਪਰੈਲ ਨੂੰ ਵਿਸਤਾਰ ਨਾਲ ਛਾਪਿਆ ਸੀ। ਪੁਲੀਸ ਨੇ ਛਪੀ ਇਸ ਖ਼ਬਰ ਨੂੰ ਦਾ ਨੋਟਿਸ ਲੈਂਦਿਆਂ ਉਸ ਨੂੰ ਬੇਦੋਸ਼ਾ ਸਮਝ ਲਿਆ ਸੀ। ਪੀੜਤ ਨੇ ਐੱਸਐੱਸਪੀ ਬਠਿੰਡਾ ਦਾ ਵੀ ਧੰਨਵਾਦ ਕੀਤਾ, ਜਿਨ੍ਹਾਂ ਨੇ ਕਥਿਤ ਠੱਗਾਂ ਵੱਲੋਂ ਕੀਤੀ ਪੁਲੀਸ ਕਾਰਵਾਈ ਨੂੰ ਝੂਠਾ ਸਾਬਤ ਕਰਾਰ ਦਿੱਤਾ। ਇਸ ਦੌਰਾਨ ਡੀਐੱਸਪੀ ਸਿਟੀ ਰਾਜੇਸ਼ ਸਨੇਹੀ ਨੇ ਕਿਹਾ ਕਿ ਉਹ ਛੇਤੀ ਹੀ ਬਾਕੀ ਰਹਿੰਦੇ ਠੱਗਾਂ ਨੂੰ ਗ੍ਰਿਫ਼ਤਾਰ ਕਰ ਲੈਣਗੇ ਅਤੇ ਰਹਿੰਦੇ ਪੈਸੇ ਵੀ ਪੀੜਤ ਨੂੰ ਦਿਵਾਏ ਜਾਣਗੇ।