ਜਸਵੰਤ ਜੱਸ
ਫ਼ਰੀਦਕੋਟ, 27 ਜੂਨ
ਜ਼ਿਲ੍ਹਾ ਫ਼ਰੀਦਕੋਟ ਦੇ ਇੱਕ ਸਦੀ ਪੁਰਾਣੇ ਬ੍ਰਿਜਿੰਦਰਾ ਕਾਲਜ ਵਿੱਚ ਬੀ.ਐੱਸਸੀ (ਖੇਤੀਬਾੜੀ) ਦੀ ਪੜ੍ਹਾਈ ਮੁੜ ਸ਼ੁਰੂ ਹੋਣ ਦੀ ਆਸ ਬੱਝੀ ਹੈ। ਜ਼ਰੂਰੀ ਸਹੂਲਤਾਂ ਦੀ ਘਾਟ ਕਾਰਨ ਪੰਜਾਬ ਖੇਤੀਬਾੜੀ ਕੌਂਸਲ ਨੇ ਦੋ ਸਾਲ ਪਹਿਲਾਂ ਇਸ ਕਾਲਜ ਵਿੱਚੋਂ ਖੇਤੀਬਾੜੀ ਦੀ ਪੜ੍ਹਾਈ ਲਈ ਦਾਖਲਿਆਂ ਉੱਪਰ ਰੋਕ ਲਾ ਦਿੱਤੀ ਸੀ। ਵਿਧਾਇਕ ਗੁਰਦਿੱਤ ਸਿੰਘ ਸੇਖੋਂ ਨੇ ਵਿਧਾਨ ਸਭਾ ਵਿੱਚ ਇਹ ਮੁੱਦਾ ਚੁੱਕਦਿਆਂ ਕਿਹਾ ਕਿ ਬ੍ਰਿਜਿੰਦਰਾ ਕਾਲਜ ਵਿੱਚ ਬੀ.ਐੱਸਸੀ (ਖੇਤੀਬਾੜੀ) ਦੀਆਂ ਕਲਾਸਾਂ ਮੁੜ ਚਾਲੂ ਕੀਤੀਆਂ ਜਾਣ। ਉਨ੍ਹਾਂ ਕਿਹਾ ਕਿ ਕਾਲਜ ਲਈ ਲੋੜੀਂਦੀ ਜ਼ਮੀਨ ਦੇ ਬਦਲਵੇਂ ਪ੍ਰਬੰਧ ਬਿਨਾਂ ਖਰਚੇ ਤੋਂ ਹੋ ਸਕਦੇ ਹਨ ਅਤੇ ਲੈਬਾਰਟਰੀ ਅਤੇ ਸਟਾਫ਼ ਦੀ ਘਾਟ ਨੂੰ ਸਰਕਾਰ ਆਪਣੇ ਪੱਧਰ ’ਤੇ ਪੂਰਾ ਕਰੇ। ਵਿਧਾਇਕ ਗੁਰਦਿੱਤ ਸਿੰਘ ਸੇਖੋਂ ਨੇ ਕਿਹਾ ਕਿ ਬ੍ਰਿਜਿੰਦਰਾ ਕਾਲਜ ਵਿੱਚ ਖੇਤੀਬਾੜੀ ਦੀ ਪੜ੍ਹਾਈ ਲਈ 100 ਸੀਟਾਂ ਰਾਖਵੀਆਂ ਹਨ।
ਵਿਧਾਨ ਸਭਾ ਦੇ ਸਪੀਕਰ ਕੁਲਤਾਰ ਸਿੰਘ ਸੰਧਵਾਂ ਨੇ ਪੰਜਾਬੀ ਟ੍ਰਿਬਿਊਨ ਨਾਲ ਗੱਲ ਕਰਦਿਆਂ ਕਿਹਾ ਕਿ ਫ਼ਰੀਦਕੋਟ ਦੇ ਬ੍ਰਿਜਿੰਦਰਾ ਕਾਲਜ ਵਿੱਚ ਬੀ.ਐੱਸਸੀ (ਖੇਤੀਬਾੜੀ) ਦੀਆਂ ਕਲਾਸਾਂ ਮੁੜ ਸ਼ੁਰੂ ਕਰਨ ਲਈ ਲੋੜੀਂਦੀ ਕਾਰਵਾਈ ਵਾਸਤੇ ਪੰਜਾਬ ਦੇ ਪ੍ਰਮੁੱਖ ਸਕੱਤਰ ਨੂੰ ਪੱਤਰ ਦਿੱਤਾ ਹੈ ਅਤੇ ਜਲਦ ਹੀ ਇਹ ਕਲਾਸਾਂ ਦੁਬਾਰਾ ਸ਼ੁਰੂ ਹੋ ਜਾਣਗੀਆਂ।
ਵਿਧਾਇਕ ਸੇਖੋਂ ਨੇ ਕਿਹਾ ਕਿ ਇਹ ਕਲਾਸਾਂ ਬਿਨਾਂ ਦੇਰੀ ਸ਼ੁਰੂ ਹੋਣਗੀਆਂ ਅਤੇ ਵਿਦਿਆਰਥੀਆਂ ਨੂੰ ਇਸੇ ਸਾਲ ਦਾਖਲ ਕਰਨ ਦੀ ਪ੍ਰਕਿਰਿਆ ਸ਼ੁਰੂ ਹੋ ਜਾਵੇਗੀ। ਉਨ੍ਹਾਂ ਕਿਹਾ ਕਿ ਲੋੜ ਪੈਣ ’ਤੇ ਕਾਲਜ ਨੂੰ ਫ਼ਰੀਦਕੋਟ ਸ਼ਹਿਰ ਵਿੱਚ ਹੀ ਲੋੜੀਂਦੀ ਜ਼ਮੀਨ ਮੁਹੱਈਆ ਕਰਵਾਈ ਜਾਵੇਗੀ। ਇਸ ਵੇਲੇ ਖੇਤੀਬਾੜੀ ਕਾਲਜ ਕੋਲ ਮਹਿਜ਼ 10 ਕਿਲੇ ਜ਼ਮੀਨ ਹੀ ਹੈ।