ਜਸਵੰਤ ਜੱਸ
ਫਰੀਦਕੋਟ, 18 ਅਕਤੂਬਰ
ਫਰੀਦਕੋਟ ਪੁਲੀਸ ਨੇ ਅੱਧੀ ਦਰਜਨ ਤੋਂ ਵੱਧ ਨੌਜਵਾਨਾਂ ਖਿਲਾਫ਼ ਰਾਤ ਨੂੰ ਸ਼ਹਿਰ ਵਿੱਚ ਗੁੰਡਾਗਰਦੀ ਕਰਨ ਅਤੇ ਲੋਕਾਂ ਦੀ ਜਾਨ ਅਤੇ ਅਮਨ ਕਾਨੂੰਨ ਨੂੰ ਖਤਰੇ ਵਿੱਚ ਪਾਉਣ ਦੇ ਦੋਸ਼ਾਂ ਤਹਿਤ ਪਰਚਾ ਦਰਜ ਕੀਤਾ ਹੈ।
ਜਾਣਕਾਰੀ ਅਨੁਸਾਰ ਫ਼ਰੀਦਕੋਟ ਸ਼ਹਿਰ ਦੇ ਕਰੀਬ ਇੱਕ ਦਰਜਨ ਨੌਜਵਾਨਾਂ ਨੇ ਰਾਤ ਨੂੰ ਬਾਜੀਗਰ ਬਸਤੀ ਨਜ਼ਦੀਕ ਆਮ ਲੋਕਾਂ ਦੇ ਘਰਾਂ ਉੱਪਰ ਇੱਟਾਂ-ਰੋੜੇ ਚਲਾਏ ਅਤੇ ਲੋਕਾਂ ਦੇ ਘਰਾਂ ਦਾ ਨੁਕਸਾਨ ਕੀਤਾ। ਥਾਣਾ ਸਿਟੀ ਫਰੀਦਕੋਟ ਦੇ ਐੱਸ.ਐੱਚ.ਓ ਇੰਸਪੈਕਟਰ ਸੰਦੀਪ ਸਿੰਘ ਨੇ ਕਿਹਾ ਕਿ ਇਸ ਮਾਮਲੇ ਵਿੱਚ ਪੁਲੀਸ ਨੇ ਮੁੱਢਲੀ ਪੜਤਾਲ ਤੋਂ ਬਾਅਦ ਵਰਿੰਦਰ ਸਿੰਘ, ਸੁਰਜੀਤ ਸਿੰਘ, ਰੋਬਿਨ, ਸਤਨਾਮ ਸਿੰਘ, ਹੈਪੀ, ਗਗਨਦੀਪ ਸਿੰਘ, ਸਨੀ ਅਤੇ 12 ਅਣਪਛਾਤੇ ਵਿਅਕਤੀਆਂ ਖਿਲਾਫ਼ ਧਾਰਾ 336, 160, 143, 148, 149, 427 ਤਹਿਤ ਪਰਚਾ ਦਰਜ ਕਰ ਲਿਆ ਹੈ। ਹਾਲ ਦੀ ਘੜੀ ਇਸ ਮਾਮਲੇ ਵਿੱਚ ਪੁਲੀਸ ਨੇ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਨਹੀਂ ਕੀਤਾ। ਮੁਹੱਲੇ ਦੇ ਵਸਨੀਕਾਂ ਨੇ ਫ਼ਰੀਦਕੋਟ ਦੇ ਵਿਧਾਇਕ ਗੁਰਦਿੱਤ ਸਿੰਘ ਸੇਖੋਂ ਅਤੇ ਪੁਲੀਸ ਅਧਿਕਾਰੀਆਂ ਨੂੰ ਕਲੋਨੀ ਵਿੱਚ ਬੁਲਾ ਕੇ ਮੌਕਾ ਦਿਖਾਇਆ। ਸੂਚਨਾ ਅਨੁਸਾਰ ਸ਼ਰਾਰਤੀ ਅਨਸਰਾਂ ਨੇ ਸਕੂਲ ਦੀ ਇਮਾਰਤ ਵਿੱਚ ਵੀ ਇੱਟਾਂ ਰੋੜੇ ਚਲਾਏ, ਜਿਸ ਨਾਲ ਸਕੂਲ ਦੀ ਇਮਾਰਤ ਦਾ ਵੀ ਨੁਕਸਾਨ ਹੋਇਆ। ਮੁਹੱਲਾ ਵਾਸੀਆਂ ਨੇ ਵਿਧਾਇਕ ਕੋਲ ਸ਼ਿਕਾਇਤ ਕੀਤੀ ਕਿ ਮੁਲਜ਼ਮਾਂ ਦੀ ਸ਼ਨਾਖ਼ਤ ਹੋਣ ਦੇ ਬਾਵਜੂਦ ਪੁਲੀਸ ਨੇ ਉਨ੍ਹਾਂ ਨੂੰ ਗ੍ਰਿਫ਼ਤਾਰ ਨਹੀਂ ਕੀਤਾ ਅਤੇ ਪਰਚੇ ਵਿੱਚ ਨਾਮਜ਼ਦ ਹੋਏ ਮੁਲਜ਼ਮ ਅੱਜ ਦਿਨ ਵੇਲੇ ਵੀ ਮੁਹੱਲੇ ਵਿੱਚ ਲੋਕਾਂ ਨੂੰ ਡਰਾਉਂਦੇ ਧਮਕਾਉਂਦੇ ਰਹੇ। ਮਨਦੀਪ ਸਿੰਘ ਨੇ ਕਿਹਾ ਕਿ ਇਸ ਤੋਂ ਪਹਿਲਾਂ ਵੀ ਅਜਿਹੀਆਂ ਘਟਨਾਵਾਂ ਵਾਪਰ ਚੁੱਕੀਆਂ ਹਨ। ਜ਼ਿਲ੍ਹਾ ਪੁਲੀਸ ਮੁਖੀ ਰਾਜਪਾਲ ਸਿੰਘ ਨੇ ਕਿਹਾ ਕਿ ਕੋਈ ਵੀ ਕਸੂਰਵਾਰ ਨੂੰ ਬਖ਼ਸ਼ਿਆ ਨਹੀਂ ਜਾਵੇਗਾ ਅਤੇ ਪੁਲੀਸ ਇਸ ਮਾਮਲੇ ਦੀ ਗੰਭੀਰਤਾ ਨਾਲ ਪੜਤਾਲ ਕਰ ਰਹੀ ਹੈ ਤੇ ਸਾਰੇ ਦੋਸ਼ੀਆਂ ਨੂੰ ਗ੍ਰਿਫਤਾਰ ਕਰ ਲਿਆ ਜਾਵੇਗਾ।
ਘਟਨਾ ਸਥਾਨ ’ਤੇ ਪਹੁੰਚੇ ਹਲਕਾ ਵਿਧਾਇਕ
ਘਟਨਾ ਸਥਾਨ ’ਤੇ ਪਹੁੰਚੇ ਫਰੀਦਕੋਟ ਦੇ ਵਿਧਾਇਕ ਗੁਰਦਿੱਤ ਸਿੰਘ ਸੇਖੋਂ ਨੇ ਕਿਹਾ ਕਿ ਇਸ ਘਟਨਾ ਕਰਕੇ ਕਲੋਨੀ ਦੇ ਵਸਨੀਕ ਦਹਿਸ਼ਤ ਵਿੱਚ ਹਨ ਅਤੇ ਉਨ੍ਹਾਂ ਨੇ ਪੁਲੀਸ ਅਧਿਕਾਰੀਆਂ ਨੂੰ ਇਸ ਮਾਮਲੇ ਵਿੱਚ ਦੋਸ਼ੀਆਂ ਖਿਲਾਫ਼ ਬਿਨਾਂ ਦੇਰੀ ਸਖ਼ਤ ਕਾਰਵਾਈ ਕਰਨ ਲਈ ਕਿਹਾ ਹੈ।