ਪੱਤਰ ਪ੍ਰੇਰਕ
ਬਰੇਟਾ, 29 ਅਕਤੂਬਰ
ਸਰਕਾਰੀ ਮਾਡਲ ਸਕੂਲ ਕੁਲਰੀਆਂ ਦੇ ਵਿਹੜੇ ਵਿੱਚ ਜ਼ਿਲ੍ਹਾ ਅਤੇ ਰਾਜ ਪੱਧਰੀ ਖੇਡਾਂ ਵਿੱਚੋਂ ਜੇਤੂ ਰਹਿਣ ਵਾਲੇ ਵਿਦਿਆਰਥੀਆਂ ਦਾ ਸਨਮਾਨ ਕੀਤਾ ਗਿਆ। ਇਸ ਸਨਮਾਨ ਸਮਾਗਮ ਵਿੱਚ ਮੁੱਖ ਮਹਿਮਾਨ ਵਜੋਂ ਵਿਧਾਇਕ ਬੁੱਧ ਰਾਮ ਨੇ ਸ਼ਿਰਕਤ ਕੀਤੀ। ਇਸ ਮੌਕੇ ਉਨ੍ਹਾਂ ਬੱਚਿਆਂ ਦੀਆਂ ਪ੍ਰਾਪਤੀਆਂ ’ਤੇ ਉਨ੍ਹਾਂ ਨੂੰ ਮੁਬਾਰਕਬਾਦ ਦਿੱਤੀ। ਇਸ ਤੋਂ ਪਹਿਲਾਂ ਉਨ੍ਹਾਂ ਸਕੂਲ ਕੈਂਪਸ ਵਿੱਚ ਜਾ ਕੇ ਸਕੂਲ ਵਿੱਚ ਚੱਲ ਰਹੀਆਂ ਵੱਖ-ਵੱਖ ਸਹਾਇਕ ਵਿਦਿਅਕ ਗਤੀਵਿਧੀਆਂ ਅਤੇ ਸਹੂਲਤਾਂ ਦਾ ਜਾਇਜ਼ਾ ਲਿਆ। ਇਸ ਮੌਕੇ ਵਿਧਾਇਕ ਵੱਲੋਂ ਓਪਨ ਲਾਇਬ੍ਰੇਰੀ ਅਤੇ ਇਮਾਨਦਾਰੀ ਦੁਕਾਨ ਦਾ ਵੀ ਉਦਘਾਟਨ ਕੀਤਾ ਗਿਆ। ਉਨ੍ਹਾਂ ਨੇ ਖੇਡਾਂ ਅਤੇ ਪੜ੍ਹਾਈ ਵਿੱਚ ਮੱਲਾਂ ਮਾਰਨ ਵਾਲੇ ਬੱਚਿਆਂ ਨੂੰ ਸਨਮਾਨਿਤ ਕੀਤਾ।
ਇਸੇ ਤਰ੍ਹਾਂ ਪੰਜਾਬ ਸਰਕਾਰ ਸਿੱਖਿਆ ਵਿਭਾਗ ਵੱਲੋਂ ਪ੍ਰਾਇਮਰੀ ਸਕੂਲਾਂ ਵਿੱਚ ਕਰਵਾਈਆਂ ਜਾ ਰਹੀਆਂ ਬਲਾਕ ਪੱਧਰੀ ਖੇਡਾਂ ਵਿੱਚ ਕਲੱਸਟਰ ਬਹਾਦਰਪੁਰ ਨੇ ਓਵਰਆਲ ਟਰਾਫੀ ’ਤੇ ਕਬਜ਼ਾ ਕਰ ਕੇ ਸੁਨੇਹਾ ਦਿੱਤਾ ਹੈ ਕਿ ਉਹ ਪੜ੍ਹਾਈ ਦੇ ਨਾਲ-ਨਾਲ ਖੇਡਾਂ ਵਿੱਚ ਵੀ ਆਪਣਾ ਅਹਿਮ ਮੁਕਾਮ ਰੱਖਦੇ ਹਨ। ਪ੍ਰਾਇਮਰੀ ਪੱਧਰ ਦੀਆਂ ਕਰਵਾਈਆਂ ਗਈਆਂ ਇਨ੍ਹਾਂ ਖੇਡਾਂ ਦੀ ਰਹਿਨੁਮਾਈ ਬਲਾਕ ਪ੍ਰਾਇਮਰੀ ਸਿੱਖਿਆ ਅਫ਼ਸਰ ਅਮਨਦੀਪ ਸਿੰਘ ਨੇ ਕੀਤੀ, ਜਿੱਥੇ ਕਲੱਸਟਰ ਬਹਾਦਰਪੁਰ ਦੇ ਇੰਚਾਰਜ਼ ਵਿਜੈ ਕੁਮਾਰ ਬਰੇਟਾ ਦੀ ਅਗਵਾਈ ਹੇਠ ਬੱਚਿਆਂ ਨੇ ਸਰਵੋਤਮ ਪ੍ਰਦਰਸ਼ਨ ਕਰਕੇ ਜ਼ਿਲ੍ਹੇ ਦੀਆਂ ਖੇਡਾਂ ਵਿੱਚ ਆਪਣਾ ਅਹਿਮ ਸਥਾਨ ਪ੍ਰਾਪਤ ਕਰ ਲਿਆ ਹੈ। ਬਲਾਕ ਪੱਧਰੀ ਖੇਡਾਂ ਵਿੱਚ ਕਲੱਸਟਰ ਬਹਾਦਰਪੁਰ ਨੇ 67 ਖੇਡਾਂ ਵਿੱਚੋਂ ਲੱਗਪਗ ਅੱਧੀਆਂ ਖੇਡਾਂ ’ਤੇ ਆਪਣਾ ਕਬਜ਼ਾ ਕਰ ਲਿਆ ਹੈ, ਜਿਸ ਦਾ ਸਾਰਾ ਸਿਹਰਾ ਉੱਥੋਂ ਦੇ ਸੈਂਟਰ ਹੈੱਡ ਟੀਚਰ ਵਿਜੇ ਮਿੱਤਲ ਬਰੇਟਾ, ਕਲੱਸਟਰ ਦੇ ਸਮੂਹ ਹੈੱਡ ਟੀਚਰ, ਖੇਡ ਕਨਵੀਨਰਾਂ ਅਤੇ ਉੱਥੋਂ ਦੇ ਮਿਹਨਤੀ ਅਧਿਆਪਕਾਂ ਨੂੰ ਜਾਂਦਾ ਹੈ।