ਪੱਤਰ ਪ੍ਰੇਰਕ
ਭੁੱਚੋ ਮੰਡੀ, 13 ਸਤੰਬਰ
ਸਰਕਾਰੀ ਹਾਈ ਸਕੂਲ ਲਹਿਰਾ ਬੇਗਾ ਵਿੱਚ ਹਲਕਾ ਵਿਧਾਇਕ ਮਾਸਟਰ ਜਗਸੀਰ ਸਿੰਘ ਨੇ ਜ਼ਿਲ੍ਹਾ ਬਠਿੰਡਾ ਦੀਆਂ ਸਕੂਲੀ ਗਰਮ ਰੁੱਤ ਖੇਡਾਂ ਦੇ ਜੇਤੂ ਖਿਡਾਰੀਆਂ ਨੂੰ ਸਨਮਾਨਿਤ ਕੀਤਾ ਅਤੇ ਸਕੂਲ ਦੇ ਖੇਡ ਮੈਦਾਨ ਲਈ ਇੱਕ ਲੱਖ ਰੁਪਏ ਦੇਣ ਦਾ ਐਲਾਨ ਕੀਤਾ। ਉਪ ਜ਼ਿਲ੍ਹਾ ਸਿੱਖਿਆ ਅਫ਼ਸਰ ਇਕਬਾਲ ਸਿੰਘ ਬੁੱਟਰ ਅਤੇ ਗੁਰਚਰਨ ਸਿੰਘ ਗਿੱਲ ਨੇ ਵਿਧਾਇਕ ਦਾ ਧੰਨਵਾਦ ਕੀਤਾ। ਜ਼ਿਲ੍ਹਾ ਮੀਡੀਆ ਕੋਆਰਡੀਨੇਟਰ ਬਲਵੀਰ ਸਿੰਘ ਕਮਾਂਡੋ, ਹਰਮਿੰਦਰ ਸਿੰਘ ਸਿੱਧੂ ਅਤੇ ਭੁਪਿੰਦਰ ਸਿੰਘ ਨੇ ਦੱਸਿਆ ਕਿ ਲੜਕੇ ਅਤੇ ਲੜਕੀਆਂ ਦੇ ਯੋਗਾ, ਹਾਕੀ, ਹੈਂਡਬਾਲ, ਫੁਟਬਾਲ, ਚੈੱਸ, ਖੋ-ਖੋ, ਕਬੱਡੀ ਸਰਕਲ ਸਟਾਈਲ ਅਤੇ ਕਬੱਡੀ ਨੈਸ਼ਨਲ ਦੇ ਮੁਕਾਬਲੇ ਕਰਵਾਏ ਗਏ। ਇਨ੍ਹਾਂ ਮੁਕਾਬਲਿਆਂ ਦੀਆਂ ਪਹਿਲੀਆਂ ਅਤੇ ਦੂਜੀਆਂ ਪੁਜ਼ੀਸ਼ਨਾਂ ਦੀਆਂ ਕੁੱਲ 60 ਜਿੱਤਾਂ ’ਚੋਂ ਬਠਿੰਡਾ-1 ਨੇ 16, ਭੁੱਚੋ ਮੰਡੀ ਨੇ 8, ਤਲਵੰਡੀ ਸਾਬੋ ਨੇ 8, ਬਠਿੰਡਾ-2 ਨੇ 5, ਮੰਡੀ ਕਲਾਂ ਨੇ 5, ਮੰਡੀ ਫੂਲ ਨੇ 5, ਸੰਗਤ ਨੇ 4, ਭਗਤਾ ਨੇ 4, ਮੋੜ ਮੰਡੀ ਨੇ 3 ਅਤੇ ਗੋਨਿਆਨਾ ਨੇ 2 ਜਿੱਤਾਂ ਹਾਸਲ ਕੀਤੀਆਂ।
ਲੰਬੀ ਛਾਲ ’ਚੋਂ ਮਯੰਕ ਤੇ ਰਮਨਪ੍ਰੀਤ ਅੱਵਲ
ਮਾਨਸਾ (ਪੱਤਰ ਪ੍ਰੇਰਕ): ਖੇਡਾਂ ਵਤਨ ਪੰਜਾਬ ਦੀਆਂ ਤਹਿਤ ਕਰਵਾਈਆਂ ਜਾ ਰਹੀਆਂ ਜ਼ਿਲ੍ਹਾ ਪੱਧਰੀ ਖੇਡਾਂ ਦੇ ਦੂਜੇ ਦਿਨ ਸ਼ਾਨਦਾਰ ਮੁਕਾਬਲੇ ਹੋਏ। ਮਾਨਸਾ ਦੇ ਡਿਪਟੀ ਕਮਿਸ਼ਨਰ ਬਲਦੀਪ ਕੌਰ ਨੇ ਦੱਸਿਆ ਕਿ ਲੰਬੀ ਛਾਲ ਅੰਡਰ-14 ਲੜਕਿਆਂ ’ਚ ਮਯੰਕ ਸਿੰਘ ਮਾਨਸਾ, ਸੌਰਵ ਰਾਮ ਝੰਡਾ ਖੁਰਦ, ਸਤਵੀਰ ਸਿੰਘ ਮਾਨਸਾ ਨੇ ਕ੍ਰਮਵਾਰ ਪਹਿਲਾ, ਦੂਜਾ ਅਤੇ ਤੀਜਾ ਸਥਾਨ ਹਾਸਲ ਕੀਤਾ। ਇਸੇ ਤਰ੍ਹਾਂ ਅੰਡਰ-14 ਲੜਕੀਆਂ ਵਿਚ ਰਮਨਪ੍ਰੀਤ ਕੌਰ ਸਮਰ ਫੀਲਡ ਸਕੂਲ ਮਾਨਸਾ ਨੇ ਪਹਿਲਾ, ਜਸਪ੍ਰੀਤ ਕੌਰ ਸਰਕਾਰੀ ਹਾਈ ਸਕੂਲ ਸਮਾਓਂ ਨੇ ਦੂਜਾ ਅਤੇ ਸੁਮਨਪ੍ਰੀਤ ਕੌਰ ਸਰਕਾਰੀ ਸੈਕੰਡਰੀ ਸਕੂਲ ਰਾਮਗੜ੍ਹ ਸ਼ਾਹਪੁਰੀਆ ਨੇ ਤੀਜਾ ਸਥਾਨ ਪ੍ਰਾਪਤ ਕੀਤਾ।