ਪੱਤਰ ਪ੍ਰੇਰਕ
ਲੰਬੀ, 22 ਅਕਤੂਬਰ
ਦਸਮੇਸ਼ ਗਰਲਜ਼ ਕਾਲਜ ਬਾਦਲ ਵਿੱਚ ਸੱਭਿਆਚਾਰਕ ਸ਼ਾਨੋ-ਸ਼ੌਕਤ ਦੇ ਰੰਗ ਬਿਖੇਰਦਿਆਂ ਜ਼ੋਨਲ ਯੁਵਕ ਅਤੇ ਵਿਰਾਸਤੀ ਮੇਲਾ ਸਮਾਪਤ ਹੋ ਗਿਆ। ਇਨਾਮ ਵੰਡ ਸਮਾਗਮ ਵਿੱਚ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਬਤੌਰ ਮੁੱਖ ਮਹਿਮਾਨ ਵਜੋਂ ਸ਼ਾਮਲ ਹੋਏ। ਇਸ ਦੌਰਾਨ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਪੰਜਾਬੀ ਖੇਤੀਬਾੜੀ ਯੂਨੀਵਰਸਿਟੀ (ਪੀਏਯੂ) ਦੇ ਉਪ ਕੁਲਪਤੀ ਦੀ ਨਿਯੁਕਤੀ ’ਤੇ ਰਾਜਪਾਲ ਬਨਵਾਰੀ ਲਾਲ ਪੁਰੋਹਿਤ ਤੇ ਪੰਜਾਬ ਸਰਕਾਰ ਵਿਚਕਾਰ ਚੱਲ ਰਹੀ ਖਿੱਚੋਤਾਣ ਦੌਰਾਨ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਕਿਹਾ ਕਿ ਰਾਜਪਾਲ ਸੰਵਿਧਾਨਿਕ ਅਹੁਦਾ ਹੁੰਦਾ ਹੈ, ਜਿਸਨੂੰ ਹਰ ਹਾਲਤ ‘ਚ ਮਾਣ-ਸਤਿਕਾਰ ਦੇਣਾ ਚਾਹੀਦਾ ਹੈ। ਸ੍ਰੀ ਬਾਦਲ ਨੇ ਪੀਏਯੂ ਦੇ ਉਪ ਕੁਲਪਤੀ ਸਬੰਧੀ ‘ਆਪ’ ਵਿਧਾਇਕ ਦੀ ਬਿਆਨਬਾਜ਼ੀ ਸਬੰਧੀ ਪੁੱਛੇ ਸਵਾਲ ’ਤੇ ਕਿਹਾ ਕਿ ਰਾਜਪਾਲ ਸੰਵਿਧਧਾਨਿਕ ਅਹੁਦਾ ਹੁੰਦਾ ਹੈ।
ਜ਼ੋਨਲ ਪੱਧਰੀ ਸਮਾਗਮ ਦੀ ਪ੍ਰਧਾਨਗੀ ਪੀਯੂਸੀ ਯੂਥ ਭਲਾਈ ਦੇ ਸਾਬਕਾ ਡਾਇਰੈਕਟਰ ਪ੍ਰੋਫ਼ੈਸਰ ਨਿਰਮਲ ਜੌੜਾ ਅਤੇ ਸਾਬਕਾ ਸੈਨੇਟ ਮੈਂਬਰ ਡਾ. ਤਰਲੋਕ ਬੰਧੂ ਨੇ ਕੀਤੀ। ਇਸ ਮੌਕੇ ਸੁਖਬੀਰ ਸਿੰਘ ਬਾਦਲ ਨੇ ਕਿਹਾ ਕਿ ਜ਼ਿੰਦਗੀ ਵਿੱਚ ਮਨੁੱਖ ਦੀ ਅਸਲ ਜਾਇਦਾਦ ਰੁਪਈਆ ਤੇ ਜ਼ਮੀਨਾਂ ਵਗੈਰਾ ਨਹੀਂ, ਬਲਕਿ ਪੜ੍ਹ-ਲਿਖ ਕੇ ਕਮਾਈਆਂ ਵਿੱਦਿਅਕ ਡਿਗਰੀਆਂ ਹਨ, ਜਿਨ੍ਹਾਂ ਨੂੰ ਕੋਈ ਖੋਹ ਨਹੀਂ ਸਕਦਾ। ਉਨ੍ਹਾਂ ਸਾਰੇ ਜੇਤੂਆਂ ਤੇ ਹਿੱਸਾ ਲੈਣ ਵਾਲਿਆਂ ਨੂੰ ਵਧਾਈ ਦਿੱਤੀ। ਪ੍ਰਿੰਸੀਪਲ ਡਾ.ਐੱਸ.ਐੱਸ. ਸੰਘਾ ਨੇ ਮੁੱਖ ਮਹਿਮਾਨ ਨੂੰ ਜੀ ਆਇਆਂ ਕਿਹਾ। ਇਸ ਮੌਕੇ ਸਾਬਕਾ ਵਿਧਾਇਕ ਹਰਪ੍ਰੀਤ ਸਿੰਘ, ਅਵਤਾਰ ਸਿੰਘ ਬਨਵਾਲਾ, ਹੈਪੀ ਪੀ.ਏ., ਓ.ਐਸ.ਡੀ. ਗੁਰਚਰਨ ਸਿੰਘ ਅਤੇ ਬਲਕਰਨ ਸਿੰਘ, ਪ੍ਰਿੰਸੀਪਲ ਵਨੀਤਾ ਆਦਿ ਮੌਜੂਦ ਸਨ। ਇਨ੍ਹਾਂ ਜਨਰਲ ਪ੍ਰਸ਼ਨੋਤਰੀ ਮੁਕਾਬਲੇ ਵਿੱਚ ਡੀ.ਏ.ਵੀ. ਕਾਲਜ ਅਬੋਹਰ ਨੇ ਪਹਿਲਾ ਸਥਾਨ, ਗੁਰੂ ਨਾਨਕ ਕਾਲਜ, ਮੁਕਤਸਰ ਨੇ ਦੂਸਰਾ ਸਥਾਨ ਅਤੇ ਪੰਜਾਬ ਯੂਨੀਵਰਸਿਟੀ ਰਿਜਨਲ ਸੈਂਟਰ ਕਾਉਣੀ ਨੇ ਤੀਸਰਾ ਸਥਾਨ ਹਾਸਲ ਕੀਤਾ।
ਲੋਕ-ਨਾਚ ਲੜਕੀਆਂ ਦੇ ਮੁਕਾਬਲੇ ਵਿੱਚ ਦਸਮੇਸ਼ ਗਰਲਜ਼ ਕਾਲਜ, ਬਾਦਲ ਨੇ ਪਹਿਲਾ ਸਥਾਨ, ਸਰਕਾਰੀ ਕਾਲਜ ਮੁਕਤਸਰ ਨੇ ਦੂਸਰਾ ਸਥਾਨ ਅਤੇ ਦਸਮੇਸ਼ ਖਾਲਸਾ ਕਾਲਜ, ਮੁਕਤਸਰ ਨੇ ਤੀਸਰਾ ਸਥਾਨ ਪ੍ਰਾਪਤ ਕੀਤਾ। ਲੋਕ-ਨਾਚ ਲੜਕਿਆਂ ਦੇ ਮੁਕਾਬਲੇ ਵਿੱਚ ਗੁਰੂ ਨਾਨਕ ਕਾਲਜ, ਅਬੋਹਰ ਨੇ ਪਹਿਲਾ ਸਥਾਨ, ਸੀ.ਜੀ.ਐੱਮ ਕਾਲਜ, ਮੋਹਲਾਂ ਨੇ ਦੂਸਰਾ ਅਤੇ ਮਹਾਰਾਜਾ ਰਣਜੀਤ ਸਿੰਘ ਕਾਲਜ, ਮਲੋਟ ਨੇ ਤੀਸਰਾ ਸਥਾਨ ਹਾਸਲ ਕੀਤਾ।