ਸੁੰਦਰ ਨਾਥ ਅਰਿਆ/ਪਰਮਜੀਤ ਸਿੰਘ
ਅਬੋਹਰ/ਫਾਜ਼ਿਲਕਾ, 13 ਜਨਵਰੀ
ਮੰਗਲਵਾਰ ਨੂੰ ਬੱਸ ਸਟੈਂਡ ਦੇ ਨੇੜੇ ਹੋਏ ਹਨੀ ਦੇ ਕਤਲ ਦੀ ਗੁੱਥੀ ਫਾਜਿਲਕਾ ਪੁਲੀਸ ਨੇ ਸੁਲਝਾ ਲਈ ਹੈ। ਪੁਲੀਸ ਨੇ ਇਸ ਮਾਮਲੇ ਵਿੱਚ ਮ੍ਰਿਤਕ ਦੀ ਪਤਨੀ ਦੇ ਪ੍ਰੇਮੀ ਸਣੇ ਦੋ ਜਣਿਆਂ ਨੂੰ ਕਾਬੂ ਕੀਤਾ ਹੈ, ਜਦ ਕਿ ਉਸਦੇ ਹੋਰ ਸਾਥੀ ਫਰਾਰ ਦੱਸੇ ਜਾ ਰਹੇ ਹਨ। ਪੁਲੀਸ ਮੁਤਾਬਕ ਹਨੀ ਦੀ ਪਤਨੀ ਸਿਮਰਨ ਦਾ ਉਸ ਦੇ ਪ੍ਰੇਮੀ ਨਾਲ ਪ੍ਰੇਮ ਪ੍ਰਸੰਗਾਂ ਚੱਲ ਰਿਹਾ ਸੀ ਜਿਸ ਕਾਰਨ ਹਨੀ ਦਾ ਕਤਲ ਕੀਤਾ ਗਿਆ। ਪੁਲੀਸ ਨੇ ਅੱਜ ਹਨੀ ਦੇ ਸਸਕਾਰ ਤੋਂ ਬਾਅਦ ਸ਼ਮਸ਼ਾਨਘਾਟ ਤੋਂ ਹਨੀ ਦੀ ਪਤਨੀ ਸਿਮਰਨ ਨੂੰ ਵੀ ਕਾਬੂ ਕਰ ਲਿਆ। ਇਥੇ ਪ੍ਰੈਸ ਕਾਨਫਰੰਸ ਵਿੱਚ ਮਾਮਲੇ ਦਾ ਖੁਲਾਸਾ ਕਰਦੇ ਐੱਸਐੱਸਪੀ ਫਾਜਿਲਕਾ ਸਚਿਨ ਗੁਪਤਾ ਨੇ ਦੱਸਿਆ ਕਿ ਮੁਲਜ਼ਮਾਂ ਨੂੰ ਫੜਨ ਲਈ ਪੁਲੀਸ ਦੀਆਂ ਟੀਮਾਂ ਬਣਾਈਆਂ ਗਈਆਂ ਸਨ। ਜਾਂਚ ਪੜਤਾਲ ਵਿੱਚ ਪਤਾ ਲੱਗਿਆ ਕਿ ਕਤਲ ਕਾਂਡ ਨੂੰ ਅਕਾਸ਼ਦੀਪ ਸਿੰਘ ਉਰਫ ਵਿਕਾਸਦੀਪ ਕੰਬੋਜ, ਸਾਜਨ, ਸੁਨੀਲ ਕੁਮਾਰ ਉਰਫ ਸੰਨੀ, ਮਿਲਨ ਅਤੇ ਕ੍ਰਿਸ਼ਨ ਕੁਮਾਰ, ਮੰਗਾ ਨੇ ਅੰਜਾਮ ਦਿੱਤਾ ਹੈ। ਪੁਲੀਸ ਨੇ ਅਕਾਸ਼ਦੀਪ ਤੇ ਸਾਜਨ ਨੂੰ ਕਾਬੂ ਕਰਕੇ ਇਨ੍ਹਾਂ ਤੋਂ ਕਤਲ ਵਿੱਚ ਵਰਤੇ ਗਏ ਕਾਪੇ ਅਤੇ ਬਿਨਾ ਨੰਬਰੀ ਮੋਟਰਸਾਈਕਲ ਵੀ ਬਰਾਮਦ ਕਰ ਲਿਆ ਹੈ। ਕਤਲ ਕਾਂਡ ਵਿੱਚ ਸ਼ਾਮਲ ਸੁਨੀਲ, ਮੰਗਾ, ਕ੍ਰਿਸ਼ਨ, ਮਿਲਨ ਅਤੇ ਹੋਰਨਾਂ ਮੁਲਜ਼ਮਾਂ ਨੂੰ ਕਾਬੂ ਕਰਨ ਲਈ ਪੁਲੀਸ ਛਾਪੇ ਮਾਰੇ ਜਾ ਰਹੇ ਹਨ। ਐੱਸਐੱਸਪੀ ਨੇ ਦੱਸਿਆ ਕਿ ਕਤਲ ਦਾ ਮੁੱਖ ਕਾਰਨ ਮ੍ਰਿਤਕ ਹਨੀ ਦੀ ਪਤਨੀ ਸਿਮਰਨ ਦਾ ਆਕਾਸ਼ਦੀਪ ਕੰਬੋਜ ਦੇ ਨਾਲ ਪਿਛਲੇ ਕਾਫੀ ਸਮੇ ਤੋਂ ਪ੍ਰੇਮ ਪ੍ਰਸੰਗ ਸਨ, ਪਰ ਦੋਹਾਂ ਦਾ ਕਿਸੇ ਕਾਰਨ ਵਿਆਹ ਨਹੀਂ ਹੋ ਸਕਿਆ। ਇਸੇ ਕਾਰਨ ਆਕਾਸ਼ਦੀਪ ਹਨੀ ਨਾਲ ਰੰਜਸ਼ ਰੱਖਦਾ ਸੀ। 11 ਜਨਵਰੀ ਨੂੰ ਕ੍ਰਿਸ਼ਨ ਨੇ ਹਨੀ ਨੂੰ ਘਰੋਂ ਬੁਲਾਇਆ ਅਤੇ ਗਲੀ ਵਿੱਚ ਸਾਥੀਆਂ ਸਣੇ ਹਨੀ ਦਾ ਕਤਲ ਕਰ ਦਿੱਤਾ।