ਨਿੱਜੀ ਪੱਤਰ ਪ੍ਰੇਰਕ/ਖੇਤਰੀ ਪ੍ਰਤੀਨਿਧ
ਬਰਨਾਲਾ, 18 ਅਕਤੂਬਰ
ਇੱਥੋਂ ਦੇ ਐੱਸਡੀ ਕਾਲਜ ਵਿੱਚ ਖੇਡ ਵਿਭਾਗ ਵੱਲੋਂ ਕਰਵਾਈਆਂ ਜਾ ਰਹੀਆਂ ‘ਖੇਡਾਂ ਵਤਨ ਪੰਜਾਬ ਦੀਆਂ’ ਤਹਿਤ ਲੜਕੀਆਂ ਦੇ ਸੂਬਾ ਪੱਧਰੀ ਨੈੱਟਬਾਲ ਮੁਕਾਬਲੇ ਅੱਜ ਸਮਾਪਤ ਹੋ ਗਏ ਹਨ। ਜੇਤੂਆਂ ਨੂੰ ਇਨਾਮ ਵੰਡਣ ਦੀ ਰਸਮ ਖੇਡ ਮੰਤਰੀ ਦੇ ਓਐੱਸਡੀ ਹਸਨਪ੍ਰੀਤ ਭਾਰਦਵਾਜ ਅਤੇ ‘ਆਪ’ ਦੇ ਜ਼ਿਲ੍ਹਾ ਪ੍ਰਧਾਨ ਗੁਰਦੀਪ ਸਿੰਘ ਬਾਠ ਨੇ ਅਦਾ ਕੀਤੀ। ਮਹਿਮਾਨਾਂ ਦਾ ਸਵਾਗਤ ਪੰਜਾਬ ਨੈੱਟਬਾਲ ਐਸੋਸੀਏਸ਼ਨ ਦੇ ਵਿੱਤ ਸਕੱਤਰ ਡਾ. ਮੁਕੰਦ ਲਾਲ ਬਾਂਸਲ ਨੇ ਕੀਤਾ। ਇਹ ਮੁਕਾਬਲੇ ਕਨਵੀਨਰ ਪ੍ਰੋ. ਬਲਵਿੰਦਰ ਕੁਮਾਰ ਸ਼ਰਮਾ ਅਤੇ ਕੋ-ਕਨਵੀਨਰ ਸਬ-ਇੰਸਪੈਕਟਰ ਅਵਤਾਰ ਦੀ ਦੇਖ-ਰੇਖ ਵਿੱਚ ਹੋ ਰਹੇ ਹਨ। ਜਾਣਕਾਰੀ ਮੁਤਾਬਿਕ ਲੜਕੀਆਂ ਦੇ ਅੰਡਰ-14 ਮੁਕਾਬਲਿਆਂ ’ਚ ਮਾਨਸਾ ਨੇ ਪਹਿਲਾ, ਬਰਨਾਲਾ ਦੀ ਟੀਮ ਨੇ ਦੂਜਾ ਅਤੇ ਸ੍ਰੀ ਮੁਕਤਸਰ ਸਾਹਿਬ ਦੀ ਟੀਮ ਨੇ ਤੀਜਾ ਸਥਾਨ ਹਾਸਲ ਕੀਤਾ। ਅੰਡਰ-17 ਵਰਗ ਵਿਚ ਲੁਧਿਆਣਾ ਪਹਿਲੇ, ਮਾਨਸਾ ਦੂਜੇ ਅਤੇ ਬਰਨਾਲਾ ਤੀਜੇ ਸਥਾਨ ’ਤੇ ਰਹੀ। ਅੰਡਰ 21 ਵਰਗ ਵਿਚ ਬਰਨਾਲਾ ਪਹਿਲਾ, ਬਠਿੰਡਾ ਦੂਜਾ ਅਤੇ ਲੁਧਿਆਣਾ ਨੇ ਤੀਜਾ ਸਥਾਨ ਹਾਸਲ ਕੀਤਾ। 21 ਤੋਂ 40 ਉਮਰ ਵਰਗ ਦੇ ਮੁਕਾਬਲਿਆਂ ਵਿਚ ਬਰਨਾਲਾ, ਬਠਿੰਡਾ ਅਤੇ ਮਾਨਸਾ ਦੀਆਂ ਟੀਮਾਂ ਨੇ ਕ੍ਰਮਵਾਰ ਪਹਿਲਾ, ਦੂਜਾ ਅਤੇ ਤੀਜਾ ਸਥਾਨ ਹਾਸਲ ਕੀਤਾ।
ਫਰੀਦਕੋਟ ਵਿੱਚ ਲੜਕੀਆਂ ਦੇ ਵਾਲੀਬਾਲ ਤੇ ਕੁਸ਼ਤੀ ਮੁਕਾਬਲੇ
ਫਰੀਦਕੋਟ (ਨਿੱਜੀ ਪੱਤਰ ਪ੍ਰੇਰਕ): ‘ਖੇਡਾਂ ਵਤਨ ਪੰਜਾਬ ਦੀਆਂ’ ਤਹਿਤ ਇੱਥੇ ਲੜਕੇ-ਲੜਕੀਆਂ ਦੇ ਕੁਸ਼ਤੀ ਅਤੇ ਵਾਲੀਬਾਲ ਮੁਕਾਬਲੇ ਹੋਏ। ਇਨ੍ਹਾਂ ਮੁਕਾਬਲਿਆਂ ਵਿੱਚ ਜੇਤੂ ਟੀਮਾਂ ਨੂੰ ਸਨਮਾਨਿਤ ਕਰਨ ਲਈ ਡਿਪਟੀ ਕਮਿਸ਼ਨਰ ਡਾ. ਰੂਹੀ ਦੁੱਗ ਵਿਸ਼ੇਸ਼ ਤੌਰ ‘ਤੇ ਸ਼ਾਮਲ ਹੋਏ। ਜ਼ਿਲ੍ਹਾ ਖੇਡ ਅਫਸਰ ਪਰਮਿੰਦਰ ਸਿੰਘ ਨੇ ਦੱਸਿਆ ਕਿ ਨਹਿਰੂ ਸਟੇਡੀਅਮ ਵਿੱਚ ਕਰਵਾਏ ਜਾ ਰਹੇ ਇਹ ਖੇਡ ਮੁਕਾਬਲਿਆਂ ਵਿੱਚ ਲੜਕੀਆਂ ਦੇ ਵਾਲੀਬਾਲ ਅੰਡਰ-14 ਮੈਚ ਵਿੱਚ ਫਰੀਦਕੋਟ ਨੇ ਪਹਿਲਾ ਸਥਾਨ, ਹੁਸ਼ਿਆਰਪੁਰ ਨੇ ਦੂਜਾ ਸਥਾਨ ਅਤੇ ਸੰਗਰੂਰ ਨੇ ਤੀਜਾ ਸਥਾਨ ਹਾਸਲ ਕੀਤਾ। ਵਾਲੀਬਾਲ ਅੰਡਰ-17 ਲੜਕੀਆਂ ਦੇ ਮੁਕਾਬਲਿਆਂ ਵਿੱਚ ਮੁਕਤਸਰ ਸਾਹਿਬ ਨੇ ਪਹਿਲਾ ਸਥਾਨ, ਫਰੀਦਕੋਟ ਨੇ ਦੂਜਾ ਸਥਾਨ ਅਤੇ ਸੰਗਰੂਰ ਨੇ ਤੀਜਾ ਸਥਾਨ ਹਾਸਲ ਕੀਤਾ। ਕੁਸ਼ਤੀ 21 ਤੋਂ 40 ਉਮਰ ਵਰਗ ਲੜਕੀਆਂ ਦੇ 50 ਕਿਲੋ ਭਾਰ ਵਰਗ ਵਿੱਚ ਮਨਪ੍ਰੀਤ ਕੌਰ ਜ਼ਿਲ੍ਹਾ ਬਠਿੰਡਾ ਨੇ ਪਹਿਲਾ, ਹਰਵੀਰ ਕੌਰ ਸ੍ਰੀ ਮੁਕਤਸਰ ਸਾਹਿਬ ਨੇ ਦੂਜਾ ਸਥਾਨ ਹਾਸਲ ਕੀਤਾ। 53 ਕਿਲੋ ਭਾਰ ਵਰਗ ਵਿੱਚ ਮਨਪ੍ਰੀਤ ਕੌਰ ਜ਼ਿਲ੍ਹਾ ਫਿਰੋਜ਼ਪੁਰ ਨੇ ਪਹਿਲਾ ਸਥਾਨ ਹਾਸਲ ਕੀਤਾ। 55 ਕਿਲੋ ਭਾਰ ਵਰਗ ਵਿੱਚ ਅਰਪਨਪ੍ਰੀਤ ਕੌਰ ਤਰਨਤਾਰਨ ਨੇ ਪਹਿਲਾ ਸਥਾਨ, 57 ਕਿਲੋ ਵਿੱਚ ਪ੍ਰਦੀਪ ਕੌਰ ਮੌਗਾ ਨੇ ਪਹਿਲਾ ਸਥਾਨ, 59 ਕਿਲੋ ਵਿੱਚ ਸੀਮਾ ਜਲੰਧਰ ਨੇ ਪਹਿਲਾ ਸਥਾਨ ਤੇ 62 ਕਿਲੋ ਵਿੱਚ ਲਵਲੀਨ ਕੌਰ ਤਰਨਤਾਰਨ ਨੇ ਪਹਿਲਾ ਸਥਾਨ ਪ੍ਰਾਪਤ ਕੀਤਾ।