ਜਗਤਾਰ ਅਨਜਾਣ
ਮੌੜ ਮੰਡੀ, 2 ਦਸੰਬਰ
ਨੇੜਲੇ ਪਿੰਡ ਘੁੰਮਣ ਕਲਾਂ ਦੇ ਜੰਮਪਲ ਵਤਨਦੀਪ ਸਿੰਘ ਭੁੱਲਰ ਨੂੰ ਕੈਨੇਡਾ ਵੱਲੋਂ ਘੋੜਸਵਾਰੀ ਦੇ ਅੰਤਰਰਾਸ਼ਟਰੀ ਮੁਕਾਬਲਿਆਂ ਲਈ ਚੁਣਿਆ ਗਿਆ ਹੈ। ਉੱਘੇ ਬਾਗਬਾਨ ਸੁਖਪਾਲ ਸਿੰਘ ਭੁੱਲਰ ਦੇ ਪੁੱਤਰ ਵਤਨਦੀਪ ਦੇ ਹੁਣ ਓਮਾਨ ਦੇ ਸ਼ਹਿਰ ਡੂਕਮ ਵਿਖੇ ਨੇਜੇਬਾਜੀ ਦੇ ਅੰਤਰਰਾਸ਼ਟਰੀ ਮੁਕਾਬਲਿਆਂ ਦੌਰਾਨ ਘੋੜ ਸਵਾਰੀ ਦੇ ਜੌਹਰ ਦੇਖਣ ਨੂੰ ਮਿਲਣਗੇ। ਕੈਨੇਡਾ ਵੱਲੋਂ ਅੰਤਰਰਾਸ਼ਟਰੀ ਘੋੜ ਸਵਾਰੀ ਪ੍ਰਤੀਯੋਗਤਾ ਵਿੱਚ ਚੋਣ ਹੋਣ ਨਾਲ ਪਿੰਡ ਵਾਸੀਆਂ ‘ਚ ਖੁਸ਼ੀ ਦੀ ਲਹਿਰ ਹੈ, ਉਥੇ ਹੀ ਪੰਜਾਬ ਦਾ ਦੀਪ ਤੇ ਸਫ਼ਲ ਘੋੜ ਸਵਾਰ ਓਮਾਨ ਦੀ ਧਰਤੀ ’ਤੇ ਹੋ ਰਹੀ ਅੰਤਰਰਾਸ਼ਟਰੀ ਪ੍ਰਤੀਯੋਗਤਾ ਲਈ ਕੈਨੇਡਾ ਵੱਲੋਂ ਚੁਣੇ ਜਾਣ ’ਤੇ ਮਾਣ ਮਹਿਸੂਸ ਕਰ ਰਹੇ ਹਨ।
ਜਾਣਕਾਰੀ ਮੁਤਾਬਕ ਵਤਨਦੀਪ ਸਿੰਘ ਭੁੱਲਰ ਨੇ 10 ਸਾਲ ਦੀ ਉਮਰ ਵਿੱਚ ਘੋੜ ਸਵਾਰੀ ਸ਼ੁਰੂ ਕਰ ਦਿੱਤੀ ਸੀ। ਪੀਪੀਐਸ ਨਾਭਾ ਵਿਖੇ ਪੜ੍ਹਾਈ ਦੌਰਾਨ ਉਸ ਨੇ 2003 ਵਿੱਚ 12 ਸਾਲ ਤੋਂ ਘੱਟ ਉਮਰ ਦੇ ਵਰਗ ਵਿੱਚ ਰਾਸ਼ਟਰੀ ਪੱਧਰ ਦੇ ਮੁਕਾਬਲੇ ਵਿੱਚ ਹਿੱਸਾ ਲਿਆ। ਵਤਨਦੀਪ ਦੱਸਦਾ ਹੈ ਕਿ ਉਸ ਨੇ ਹੁਣ ਤੱਕ 80 ਦੇ ਕਰੀਬ ਰਾਸ਼ਟਰੀ ਮੈਡਲ ਅਤੇ ਟਰਾਫੀਆਂ ਪ੍ਰਾਪਤ ਕੀਤੀਆਂ ਹਨ।ਭਾਰਤ ਵਿੱਚ ਸ਼ਾਨਦਾਰ ਉਪਲੱਬਧੀਆਂ ਹਾਸਲ ਕਰਨ ਤੋਂ ਬਾਅਦ ਉਹ ਉਚੇਰੀ ਪੜ੍ਹਾਈ ਕਰਨ ਲਈ ਕੈਨੇਡਾ ਚਲਾ ਗਿਆ। ਉਹ ਅੰਤਰਰਾਸ਼ਟਰੀ ਟੈਂਟ ਪੈਗਿੰਗ ਚੈਂਪੀਅਨਸ਼ਿਪ 2021 ਵਿੱਚ ਟੀਮ ਕੈਨੇਡਾ ਦੀ ਨੁਮਾਇੰਦਗੀ ਕਰਨ ਲਈ ਓਮਾਨ ਵਿੱਚ ਹੈ, ਜੋ ਟੀਮ ਕੈਨੇਡਾ ਲਈ ਵਿਸ਼ਵ ਕੱਪ ਯੋਗਤਾ ਵੱਲ ਅੱਗੇ ਵਧੇਗਾ।