ਰਾਜਿੰਦਰ ਸਿੰਘ ਮਰਾਹੜ
ਭਗਤਾ ਭਾਈ, 15 ਸਤੰਬਰ
ਸੀਐੱਮਐੱਸ ਗੁਰੂ ਕਾਸ਼ੀ ਪਬਲਿਕ ਸਕੂਲ ਭਗਤਾ ਭਾਈ ਵਿਖੇ ਮਾਤਾ ਗੁਰਪਾਲ ਕੌਰ ਹਾਕੀ ਅਕੈਡਮੀ ਦਾ ਉਦਘਾਟਨ ਟੋਕੀਓ ਓਲੰਪਿਕਸ-2020 ਹਾਕੀ ਟੀਮ ਦੇ ਖਿਡਾਰੀ ਰੁਪਿੰਦਰਪਾਲ ਸਿੰਘ ਨੇ ਕੀਤਾ। ਇਸ ਮੌਕੇ ਜਕੂਲ ਕਮੇਟੀ ਵੱਲੋਂ ਨਿਰੰਜਨ ਸਿੰਘ, ਖੁਸ਼ਵੰਤ ਸਿੰਘ, ਮਨਿੰਦਰ ਸਿੰਘ ਗਰੇਵਾਲ, ਪ੍ਰੋ: ਦਲਬੀਰ ਸਿੰਘ, ਰਾਜਵੰਤ ਸਿੰਘ ਭਗਤਾ, ਜੈ ਸਿੰਘ, ਜਸਪ੍ਰੀਤ ਸਿੰਘ, ਜਗਮੋਹਨ ਸਿੰਘ, ਚਰਨਜੀਤ ਕੌਰ, ਸੁਖਵਿੰਦਰ ਸਿੰਘ ਤੇ ਪ੍ਰਿੰਸੀਪਲ ਰਮਨ ਕੁਮਾਰ ਨੇ ਰੁਪਿੰਦਰਪਾਲ ਨੂੰ ਸਨਮਾਨ ਚਿੰਨ੍ਹ ਤੇ ਇੱਕ ਲੱਖ ਰੁਪਏ ਦੀ ਨਗਦ ਰਾਸ਼ੀ ਨਾਲ ਸਨਮਾਨਿਤ ਕੀਤਾ। ਰੁਪਿੰਦਰ ਪਾਲ ਸਿੰਘ ਨੇ ਬੱਚਿਆਂ ਨੂੰ ਸਖ਼ਤ ਮਿਹਨਤ ਕਰਨ ਦੀ ਪ੍ਰੇਰਨਾ ਦਿੰਦਿਆਂ ਕਿਹਾ ਕਿ ਖੇਡਾਂ ਸਾਡੇ ‘ਚ ਸਹਿਣਸ਼ੀਲਤਾ, ਬਰਾਬਰੀ ਤੇ ਮਿਹਨਤ ਕਰਨ ਦਾ ਜਜ਼ਬਾ ਪੈਦਾ ਕਰਦੀਆਂ ਹਨ। ਬੱਚਿਆਂ ਨੇ ਰੰਗਾਰੰਗ ਪ੍ਰੋਗਰਾਮ ਪੇਸ਼ ਕੀਤਾ। ਇਸ ਮੌਕੇ ਭਾਈ ਬਹਿਲੋ ਸਪੋਰਟਸ ਕਲੱਬ, ਭਾਈ ਬਹਿਲੋ ਕਬੱਡੀ ਕਲੱਬ, ਭਾਈ ਬਹਿਲੋ ਹਾਕੀ ਅਕੈਡਮੀ, ਗੁਰੂ ਤੇਗ ਬਹਾਦਰ ਫੁੱਟਬਾਲ ਕਲੱਬ, ਸ਼ਿਵਾ ਕ੍ਰਿਕਟ ਕਲੱਬ, ਮਾਲਵਾ ਰੈਸ਼ਲਿੰਗ ਕਲੱਬ, ਬਾਬਾ ਫ਼ਰੀਦ ਹਾਕੀ ਕਲੱਬ ਫ਼ਰੀਦਕੋਟ, ਮਾਰਕੀਟ ਕਮੇਟੀ ਭਗਤਾ, ਨਗਰ ਪੰਚਾਇਤ ਭਗਤਾ ਤੇ ਟਰੱਕ ਯੂਨੀਅਨ ਵੱਲੋਂ ਵੀ ਰੁਪਿੰਦਰ ਪਾਲ ਸਿੰਘ ਨੂੰ ਸਨਮਾਨਿਤ ਕੀਤਾ ਗਿਆ। ਇਸ ਸਮੇਂ ਹਰਬੰਸ ਸਿੰਘ ਇੰਟਰਨੈਸ਼ਨਲ ਹਾਕੀ ਅੰਪਾਇਰ, ਹਾਕੀ ਕੋਚ ਬਲਜਿੰਦਰ ਸਿੰਘ, ਪ੍ਰਿੰਸੀਪਲ ਸੁਰਜੀਤ ਸ਼ਰਮਾ, ਗੁਰਭਗਤ ਸਿੰਘ ਸਾਬਕਾ ਖੇਡ ਅਫ਼ਸਰ, ਪ੍ਰੋ. ਦਰਸਨ ਸਿੰਘ ਸੰਧੂ ਤੇ ਪ੍ਰਿੰਸੀਪਲ ਕੁਲਵੰਤ ਕੌਰ ਸੰਧੂ ਨੇ ਹਾਕੀ ਅਕੈਡਮੀ ਖੋਲਣ ਲਈ ਸਕੂਲ ਪ੍ਰਬੰਧਕਾਂ ਨੂੰ ਵਧਾਈ ਦਿੱਤੀ। ਅੰਤ ਵਿੱਚ ਪ੍ਰਿੰਸੀਪਲ ਰਮਨ ਕੁਮਾਰ ਨੇ ਸਾਰਿਆਂ ਦਾ ਧੰਨਵਾਦ ਕੀਤਾ।
ਫਰੀਦਕੋਟ ਵਿੱਚ ਹਾਕੀ ਖਿਡਾਰੀ ਦਾ ਸਨਮਾਨ
ਫ਼ਰੀਦਕੋਟ (ਜਸਵੰਤ ਜੱਸ): ਟੋਕੀਓ ਓਲੰਪਿਕਸ ਖੇਡਾਂ ਵਿੱਚ ਤਗ਼ਮਾ ਜਿੱਤਣ ਵਾਲੀ ਭਾਰਤੀ ਹਾਕੀ ਟੀਮ ਦੇ ਡਰੈਗ ਫਲਿੱਕਰ ਰੁਪਿੰਦਰਪਾਲ ਸਿੰਘ ਦਾ ਉਸ ਦੇ ਜੱਦੀ ਸ਼ਹਿਰ ਫ਼ਰੀਦਕੋਟ ਵਿੱਚ ਹਾਕੀ ਕਲੱਬ ਵੱਲੋਂ ਵਿਸ਼ੇਸ਼ ਸਨਮਾਨ ਕੀਤਾ ਗਿਆ। ਹਾਕੀ ਦੇ ਕੌਮਾਂਤਰੀ ਕੋਚ ਪ੍ਰੋ. ਹਰਬੰਸ ਸਿੰਘ ਨੇ ਕਿਹਾ ਕਿ ਹਾਕੀ ਦੇ ਖਿਡਾਰੀਆਂ ਨੂੰ ਹੋਰ ਮਿਹਨਤ ਕਰਨੀ ਹੋਵੇਗੀ ਤਾਂ ਜੋ ਪੈਰਿਸ ਦੀਆਂ ਓਲੰਪਿਕ ਖੇਡਾਂ ਵਿੱਚ ਸੋਨ ਤਗਮਾ ਜਿੱਤਿਆ ਜਾ ਸਕੇ। ਹਾਕੀ ਕਲੱਬ ਦੇ ਪ੍ਰਧਾਨ ਡੀ.ਆਈ.ਜੀ ਤੇਜਿੰਦਰ ਸਿੰਘ ਮੌੜ ਨੇ ਕਿਹਾ ਕਿ ਰੁਪਿੰਦਰਪਾਲ ਨੇ ਹਾਕੀ ਦੀ ਖੇਡ ਵਿੱਚ ਜੋ ਪ੍ਰਦਰਸ਼ਨ ਕੀਤਾ ਹੈ, ਉਸ ਨੂੰ ਹਮੇਸ਼ਾ ਯਾਦ ਰੱਖਿਆ ਜਾਵੇਗਾ। ਹਾਕੀ ਕਲੱਬ ਦੇ ਮੈਂਬਰ ਹਰਦੇਵ ਸਿੰਘ, ਖੁਸ਼ਵੰਤ ਸਿੰਘ ਅਤੇ ਗੁਰਿੰਦਰ ਸਿੰਘ ਬਾਵਾ ਨੇ ਕਿਹਾ ਕਿ ਫ਼ਰੀਦਕੋਟ ਨੇ ਹਾਕੀ ਦੇ ਨਾਮਵਰ ਖਿਡਾਰੀ ਪੈਦਾ ਕੀਤੇ ਹਨ ਅਤੇ ਰੁਪਿੰਦਰਪਾਲ ਨੇ ਇਸ ਵਿਰਾਸਤ ਨੂੰ ਅੱਗੇ ਤੋਰਿਆ ਹੈ। ਓਲੰਪੀਅਨ ਰੁਪਿੰਦਰਪਾਲ ਸਿੰਘ ਨੇ ਕਿਹਾ ਕਿ ਉਸ ਨੂੰ ਆਪਣੇ ਜੱਦੀ ਸ਼ਹਿਰ ਵਿੱਚੋਂ ਜੋ ਮਾਣ-ਸਤਿਕਾਰ ਮਿਲਿਆ ਹੈ, ਉਹ ਉਸ ਨਾਲ ਹੋਰ ਵੀ ਉਤਸ਼ਾਹਿਤ ਹੋਇਆ ਹੈ ਅਤੇ ਉਹ ਹੁਣ ਤੋਂ ਹੀ ਪੈਰਿਸ ਓਲੰਪਿਕ ਦੀ ਤਿਆਰੀ ਵਿੱਚ ਰੁੱਝ ਗਏ ਹਨ।