ਜਸਵੀਰ ਸਿੰਘ ਭੁੱਲਰ
ਦੋਦਾ, 12 ਨਵੰਬਰ
ਪੰਜਾਬ ਸਰਕਾਰ ਬੇਸ਼ੱਕ ਕਹਿ ਰਹੀ ਹੈ ਕਿ ਝੋਨੇ ਦੀ ਖਰੀਦ ਅਤੇ ਚੁਕਾਈ ਸਬੰਧੀ ਮੰਡੀਆਂ ਵਿਚ ਕਿਸੇ ਕਿਸਮ ਦੀ ਕੋਈ ਦਿੱਕਤ ਨਹੀਂ ਆਉਣ ਦਿੱਤੀ ਜਾਵੇਗੀ ਪਰ ਦੋਦਾ ਦੀ ਅਨਾਜ ਮੰਡੀ ਵਿੱਚੋਂ ਝੋਨੇ ਦੀਆਂ ਭਰੀਆਂ ਬੋਰੀਆਂ ਦੀ ਚੁਕਾਈ ਨਾ ਹੋਣ ਕਰਕੇ ਮਜ਼ਦੂਰ ਯੂਨੀਅਨ ਵੱਲੋਂ ਦੋਦਾ ਵਿਖੇ ਸ੍ਰੀ ਮੁਕਤਸਰ ਸਾਹਿਬ-ਬਠਿੰਡਾ ਹਾਈਵੇਅ ਉਤੇ ਧਰਨਾ ਲਾ ਕੇ ਰੋਸ ਪ੍ਰਗਟ ਕੀਤਾ ਗਿਆ। ਮਜ਼ਦੂਰ ਅਰਵਿੰਦ ਕੁਮਾਰ ਯਾਦਵ ਨੇ ਦੱਸਿਆ ਕਿ ਮੰਡੀ ਵਿੱਚ ਕਰੀਬ 1 ਲੱਖ ਥੈਲਾ ਝੋਨੇ ਦੇ ਪਿਆ ਹੈ, ਜਿਸ ਨੂੰ ਮੰਡੀ ਵਿੱਚੋਂ ਚੁੱਕਿਆ ਨਹੀਂ ਜਾ ਰਿਹਾ। ਉਨ੍ਹਾਂ ਦੱਸਿਆ ਕਿ ਪਹਿਲਾਂ ਮੰਡੀ ਵਿੱਚੋਂ ਝੋਨਾ ਚੁਕਾਈ ਲਈ 17 ਟਰੱਕ ਲਗਾਏ ਗਏ ਸਨ ਅਤੇ ਹੁਣ ਅੱਧੇ ਕਰ ਦਿੱਤੇ ਹਨ। ਉਨ੍ਹਾਂ ਕਿਹਾ ਕਿ ਸਾਡੀ ਮੁਸ਼ਕਲ ਨਾ ਤਾਂ ਖਰੀਦ ਏਜੰਸੀਆਂ ਦੇ ਅਧਿਕਾਰੀ ਸੁਣ ਰਹੇ ਹਨ ਅਤੇ ਨਾ ਹੀ ਆੜ੍ਹਤੀਏ। ਮਜ਼ਦੂਰਾਂ ਦਾ ਕਹਿਣਾ ਹੈ ਕਿ ਮੰਡੀ ਵਿੱਚੋਂ ਜਲਦੀ ਚੁਕਾਈ ਨਾ ਕੀਤੀ ਗਈ ਤਾਂ ਸੰਘਰਸ਼ ਤੇਜ਼ ਕਰਨਗੇ। ਮੌਕੇ ’ਤੇ ਪੁੱਜੀ ਕੋਟਭਾਈ ਪੁਲੀਸ ਨੇ ਮਜ਼ਦੂਰ ਆਗੂਆਂ ਨੂੰ ਸਮਝਾ ਕੇ ਸੜਕ ਚਾਲੂ ਕੀਤੀ।ਮੰਡੀ ਸੁਪਰਵਾਈਜ਼ਰ ਗੁਰਵਿੰਦਰ ਸਿੰਘ ਨੇ ਕਿਹਾ ਕਿ ਛੁੱਟੀਆਂ ਅਤੇ ਪੜਤਾਲ ਕਾਰਨ ਇਹ ਮੁਸ਼ਕਲ ਆਈ ਹੈ ਅਤੇ ਜਲਦੀ ਮਸਲਾ ਹੱਲ ਕੀਤਾ ਜਾਵੇਗਾ। ਇਸ ਮੌਕੇ ਰਮੇਸ਼ ਚੰਦਰ, ਬਲਵੀਰ ਚੰਦ, ਨਰਿੰਦਰ ਕੁਮਾਰ, ਨਿੰਦਰ ਸਿੰਘ, ਕੇਸਰ ਸਿੰਘ, ਮੋਹਣ ਲਾਲ ਅਤੇ ਜੀਤ ਰਾਮ ਹਾਜ਼ਰ ਸਨ।