ਲਖਵਿੰਦਰ ਸਿੰਘ
ਮਲੋਟ, 29 ਜੂਨ
ਇਥੇ ਅੱਠ ਘੰਟੇ ਨਿਰਵਿਘਨ ਬਿਜਲੀ ਸਪਲਾਈ ਨਾ ਮਿਲਣ ਤੋਂ ਖ਼ਫ਼ਾ ਸਿਖਰ ਦੁਪਹਿਰੇ ਕਰੀਬ ਦਰਜਨ ਪਿੰਡਾਂ ਦੇ ਕਿਸਾਨਾਂ ਨੇ ਮਲੋਟ ਦੇ ਦਾਨੇਵਾਲਾ ਚੌਕ ’ਚ ਧਰਨਾ ਲਾ ਪੰਜਾਬ ਸਰਕਾਰ ਅਤੇ ਬਿਜਲੀ ਬੋਰਡ ਖ਼ਿਲਾਫ਼ ਆਪਣਾ ਰੋਸ ਜਤਾਇਆ ਅਤੇ ਕਰੀਬ 3 ਘੰਟੇ ਆਵਾਜਾਈ ਜਾਮ ਰੱਖੀ। ਇਸ ਮੌਕੇ ਦਵਿੰਦਰ ਸਿੰਘ , ਸੁਰਿੰਦਰ ਸਿੰਘ ਪਿੰਡ ਬੁਰਜ਼ ਸਿੱਧਵਾਂ, ਲਖਨਪਾਲ ਸ਼ਰਮਾ ਪ੍ਰਧਾਨ ਬੀਕੇਯੂ ਸਿੱਧੂਪੁਰ, ਪ੍ਰੋ. ਜਸਬੀਰ ਸਿੰਘ ਸੇਖੋਂ , ਯਾਦਵਿੰਦਰ ਸਿੰਘ ਢਿੱਲੋਂ ਪਿੰਡ ਛਾਪਿਆਂਵਾਲੀ, ਟੀਟੂ ਭੈਲ ਸ਼ਾਮਖੇੜਾ, ਰਾਜਬੀਰ ਸਿੰਘ ਆਦਿ ਨੇ ਦੱਸਿਆ ਕਿ ਉਨ੍ਹਾਂ ਨੂੰ 4 ਘੰਟੇ ਬਿਜਲੀ ਸਪਲਾਈ ਮਿਲਦੀ ਹੈ, ਉਹ ਵੀ ਕਦੇ ਵਿੱਚੋਂ ਕੱਟ ਲੱਗ ਜਾਂਦੇ ਹਨ। ਉਨ੍ਹਾਂ ਕਿਹਾ ਕਿ ਕਈ ਕਿਸਾਨ ਤਾਂ ਝੋਨਾ ਵਾਹੁਣ ਲਈ ਮਜਬੂਰ ਹੋ ਚੁੱਕੇ ਹਨ। ਇਸ ਉਪਰੰਤ ਬਿਜਲੀ ਬੋਰਡ ਦੇ ਐਕਸੀਅਨ ਵੱਲੋਂ ਭਰੋਸਾ ਦਿਵਾਉਣ ਉਪਰੰਤ ਧਰਨਾ ਖਤਮ ਕੀਤਾ ਗਿਆ। ਇਸੇ ਤਰ੍ਹਾਂ ਪਿੰਡ ਅਬੁੱਲਖੁਰਾਣਾ ਵਿੱਚ ਵੀ ਕਿਸਾਨਾਂ ਨੇ ਲੰਮਾਂ ਸਮਾਂ ਹਾਈਵੇਅ ਜਾਮ ਰੱਖਿਆ।
ਕੋਟਕਪੂਰਾ(ਟ੍ਰਿਬਿਊਨ ਨਿਊਜ਼ ਸਰਵਿਸ): ਕਿਸਾਨਾਂ ਨੂੰ ਸਿੰਜਾਈ ਲਈ ਆ ਰਹੀਆਂ ਸਮੱਸਿਆਵਾਂ ਜਿਵੇਂ ਕਿ ਨਹਿਰੀ ਪਾਣੀ ( ਲੋ-ਲੈਵਲ ਮਚਾਕੀ ਮੱਲ ਸਿੰਘ ਮਾਈਨਰ , ਕੰਮੇਆਣਾ ਮਾਈਨਰ ਅਤੇ ਸਰਹੰਦ ਫੀਡਰ ਉੱਪਰ ਲੱਗੇ ਲਿਫਟ ਪੰਪਾਂ ਸਬੰਧੀ) ਅਤੇ ਖੇਤੀ ਬਿਜਲੀ ਦੀ ਘੱਟ ਸਪਲਾਈ ਸਬੰਧੀ ਅੱਜ ਸ਼੍ਰੋਮਣੀ ਅਕਾਲੀ ਦਲ-ਬਹੁਜਨ ਸਮਾਜ ਪਾਰਟੀ ਦੀ ਸਮੁੱਚੀ ਲੀਡਰਸ਼ਿੱਪ ਅਤੇ ਸਮੂਹ ਪਾਰਟੀ ਵਰਕਰਾਂ ਵੱਲੋਂ ਪੰਜਾਬ ਸਰਕਾਰ ਵਿਰੁੱਧ ਧਰਨਾ ਦਿੱਤਾ ਗਿਆ ਤੇ ਸਰਕਾਰ ਵਿਰੁੱਧ ਨਾਅਰੇਬਾਜ਼ੀ ਕੀਤੀ। ਧਰਨੇ ਦੀ ਅਗਵਾਈ ਸਾਬਕਾ ਸੰਸਦੀ ਸਕੱਤਰ ਮਨਤਾਰ ਸਿੰਘ ਬਰਾੜ ਤੇ ਉਨ੍ਹਾਂ ਦੇ ਪੁੱਤਰ ਅਨੁਪਰਤਾਪ ਸਿੰਘ ਬਰਾੜ ਕੌਮੀ ਮੀਤ ਪ੍ਰਧਾਨ ਐਸਏਡੀ (ਯੂਥ) ਵੱਲੋਂ ਕੀਤੀ ਗਈ।
ਬਿਜਲੀ ਸਪਲਾਈ ਠੱਪ ਹੋਣ ਦੇ ਰੋਸ ਵਜੋਂ ਬਿਜਲੀ ਗਰਿੱਡ ਦਾ ਘਿਰਾਓ
ਸੰਗਤ ਮੰਡ (ਧਰਮਪਾਲ ਸਿੰਘ ਤੂਰ): ਪੰਜਾਬ ਸਰਕਾਰ ਵੱਲੋਂ ਕਿਸਾਨਾਂ ਨੂੰ ਖੇਤੀ ਮੋਟਰਾਂ ਵਾਲੀ 8 ਘੰਟੇ ਨਿਰਵਿਘਨ ਬਿਜਲੀ ਸਪਲਾਈ ਦੇਣ ਦੇ ਦਾਅਵਿਆਂ ਦੀ ਫੂਕ ਨਿਕਲ ਗਈ ਹੈ। ਜਿੱਥੇ ਲੱਗਭਗ ਝੋਨੇ ਦੀ ਲਵਾਈ ਨੇਪਰੇ ਚੜ੍ਹ ਗਈ ਹੈ ਅਤੇ ਪਾਣੀ ਦੀ ਭਾਰੀ ਲੋੜ ਹੈ ਉੱਥੇ ਬਿਜਲੀ ਸਪਲਾਈ ਵਿੱਚ ਲੰਬੇ ਕੱਟਾਂ ਦੇ ਚਲਦਿਆਂ ਕਿਸਾਨਾਂ ਨੂੰ ਮਹਿੰਗੇ ਭਾਅ ਦਾ ਡੀਜ਼ਲ ਫੂਕਣ ਲਈ ਮਜਬੂਰ ਹੋਣਾ ਪੈ ਰਿਹਾ ਹੈ। ਬਿਜਲੀ ਸਪਲਾਈ ਵਿੱਚ ਕਿੱਲਤ ਤੋਂ ਦੁਖੀ ਹੋਏ ਪਿੰਡ ਜੈ ਸਿੰਘ ਵਾਲਾ ਅਤੇ ਨਰੂਆਣਾ ਦੇ ਕਿਸਾਨਾਂ ਵੱਲੋਂ ਪਰਸਰਾਮ ਨਗਰ ਬਿਜਲੀ ਗਰਿੱਡ ਦਾ ਘਿਰਾਓ ਕੀਤਾ ਗਿਆ ਅਤੇ ਸਰਕਾਰ ਤੇ ਵਿਭਾਗ ਖ਼ਿਲਾਫ਼ ਨਾਅਰੇਬਾਜ਼ੀ ਕੀਤੀ ਗਈ। ਇਸ ਮੌਕੇ ਬੀਕੇਯੂ ਉਗਰਾਹਾਂ ਦੇ ਪਿੰਡ ਇਕਾਈ ਦੇ ਪ੍ਰਧਾਨ ਗੁਰਤੇਜ ਸਿੰਘ ਜੈ ਸਿੰਘ ਵਾਲਾ ਨੇ ਕਿਹਾ ਕਿ ਬਿਜਲੀ ਵਿਭਾਗ ਦੇ ਅਧਿਕਾਰੀਆਂ ਵੱਲੋਂ ਪਿਛਲੇ ਦਿਨੀਂ ਕਿਸਾਨਾਂ ਨੂੰ ਅੱਠ ਘੰਟੇ ਨਿਰਵਿਘਨ ਬਿਜਲੀ ਸਪਲਾਈ ਦੇਣ ਦਾ ਭਰੋਸਾ ਦਿੱਤਾ ਸੀ ਪਰ ਅਜੇ ਵੀ ਉਹੀ ਹਾਲ ਹੈ। ਵਿਭਾਗ ਦੇ ਅਧਿਕਾਰੀਆਂ ਅਤੇ ਕਿਸਾਨਾਂ ਵਿਚਕਾਰ ਇਸ ਮਸਲੇ ਨੂੰ ਲੈ ਕੇ ਸਹਿਮਤੀ ਬਣਦਿਆਂ ਅਤੇ ਮਰੀ ਹੋਈ ਬਿਜਲੀ ਸਪਲਾਈ ਦਾ ਭਰੋਸਾ ਮਿਲਣ ਤੋਂ ਬਾਅਦ ਕਿਸਾਨਾਂ ਵੱਲੋਂ ਧਰਨਾ ਸਮਾਪਤ ਕਰ ਦਿੱਤਾ ਗਿਆ। ਇਸ ਸਬੰਧੀ ਬਿਜਲੀ ਬੋਰਡ ਦੇ ਐੱਸਡੀਓ ਸੁਭਾਸ਼ ਵਰਮਾ ਨਾਲ ਗੱਲ ਕੀਤੀ ਤਾਂ ਉਨ੍ਹਾਂ ਕਿਹਾ ਕਿ ਬਿਜਲੀ ਸਪਲਾਈ ਦਾ ਸ਼ਡਿਊਲ ਪਟਿਆਲਾ ਤੋਂ ਹੀ ਬਣ ਕੇ ਆਉਂਦਾ ਹੈ ਜਿਸ ਕਰਕੇ ਜਦੋਂ ਪਾਵਰ ਕੱਟ ਦਾ ਹੁਕਮ ਆਉਂਦਾ ਹੈ ਤਾਂ ਉਨ੍ਹਾਂ ਨੂੰ ਲਾਉਣਾ ਪੈਂਦਾ ਹੈ।