ਪੱਤਰ ਪ੍ਰੇਰਕ
ਚਾਉਕੇ, 13 ਅਗਸਤ
ਹਰ ਘਰ ਤਿਰੰਗਾ ਮੁਹਿੰਮ ਤਹਿਤ ਉੱਤਰੀ ਖੇਤਰ ਸੱਭਿਆਚਾਰਕ ਕੇਂਦਰ ਪਟਿਆਲਾ ਵੱਲੋਂ ਫਤਿਹ ਗਰੁੱਪ ਆਫ ਇੰਸਟੀਚਿਊਸ਼ਨਜ਼ ਵਿਚ ਸੱਭਿਆਚਾਰਕ ਸਮਾਗਮ ਕਰਵਾਇਆ ਗਿਆ। ਇਸ ਵਿੱਚ ਡਾਇਰੈਕਟਰ ਇਫਕੋ ਜਗਦੀਪ ਸਿੰਘ ਨਕਈ ਮੁੱਖ ਮਹਿਮਾਨ ਤੇ ਗੁਰਪ੍ਰੀਤ ਸਿੰਘ ਮਲੂਕਾ ਵਿਸ਼ੇਸ਼ ਮਹਿਮਾਨ ਤੌਰ ’ਤੇ ਪੁੱਜੇ। ਸਮਾਗਮ ਦੌਰਾਨ ਸੰਸਥਾ ਦੇ ਚੇਅਰਮੈਨ ਐਸਐਸ ਚੱਠਾ ਨੇ ਅਜਿਹੇ ਸਮਾਗਮਾਂ ਨੂੰ ਦੇਸ਼ ਦੇ ਨੌਜਵਾਨਾਂ ਲਈ ਮਹੱਤਵਪੂਰਨ ਦੱਸਿਆ। ਇਸ ਮੌਕੇ ਪ੍ਰੀਤ ਕਵੀਸ਼ਰੀ ਜਥਾ ਢੱਡੇ ਵੱਲੋਂ ਕਵੀਸ਼ਰੀਆਂ, ਜੋਹਨ ਮਸੀਹ ਤੇ ਗੁਰਭੇਜ ਸਿੰਘ ਨੇ ਵਿਰਾਸਤੀ ਭੰਡ (ਨਕਲਚੀਏ) ਤੇ ਨਾਟਿਆਮ ਥੀਏਟਰ ਗਰੁੱਪ ਵੱਲੋਂ ਸੁਰਿੰਦਰ ਕੌਰ ਵੱਲੋਂ ਡਾਇਰੈਕਟ ਕੀਤਾ ਨਾਟਕ ‘ਸਵੱਛ ਭਾਰਤ’ ਖੇਡਿਆ। ਇਸ ਵਿੱਚ ਗੁਰਨੂਰ ਸਿੰਘ, ਅਸ਼ੀਸ਼ ਸ਼ਰਮਾ, ਬਾਣੀ ਗੋਇਲ ਤੇ ਹਰਮਨ ਸਰਾਂ, ਮਨਪ੍ਰੀਤ ਮਨੀ, ਵੀਰ ਸਿੰਘ ਨੇ ਖ਼ਾਸ ਭੂਮਿਕਾ ਨਿਭਾਈ। ਵਕੀਲ ਸਿੰਘ ਤੇ ਗੁਰਜੰਟ ਸਿੰਘ ਦੀਆਂ ਬਾਜ਼ੀਗਰ ਕਲਾਵਾਂ ਨੂੰ ਦਰਸ਼ਕਾਂ ਨੇ ਖ਼ੂਬ ਸਲਾਇਆ।
ਇਸ ਮੌਕੇ ਜ਼ਿਲ੍ਹਾ ਭਾਸ਼ਾ ਅਫ਼ਸਰ ਬਠਿੰਡਾ ਕੀਰਤੀ ਕਿਰਪਾਲ ਨੇ ਵਿਸ਼ੇਸ਼ ਤੌਰ ’ਤੇ ਸ਼ਿਰਕਤ ਕੀਤੀ। ਪ੍ਰਿੰਸੀਪਲ ਡਾ. ਅਮਰਜੀਤ ਸਿੰਘ ਸਿੱਧੂ ਨੇ ਅਧਿਕਾਰੀਆਂ ਨੂੰ ਯਾਦਗਾਰੀ ਚਿੰਨ੍ਹ ਭੇਟ ਕੀਤੇ।