ਪੱਤਰ ਪ੍ਰੇਰਕ
ਟੱਲੇਵਾਲ, 23 ਜੁਲਾਈ
‘ਪੰਜਾਬੀ ਟ੍ਰਿਬਿਊਨ’ ਵਿੱਚ ਕੁੱਝ ਦਿਨ ਪਹਿਲਾਂ ਟੱਲੇਵਾਲ ਦੇ ਇੱਕ ਲੋੜਵੰਦ ਪਰਿਵਾਰ ਦੇ ਮਾੜੇ ਹਾਲਾਤਾਂ ਦੀ ਖ਼ਬਰ ਪ੍ਰਕਾਸ਼ਿਤ ਹੋਣ ਤੋਂ ਬਾਅਦ ਸਮਾਜ ਸੇਵੀ ਸੰਸਥਾਵਾਂ ਪਰਿਵਾਰ ਦੀ ਮੱਦਦ ਲਈ ਅੱਗੇ ਆ ਰਹੀਆਂ ਹਨ। ਇਸ ਤਹਿਤ ਗੁਰੂ ਨਾਨਕ ਦੇਵ ਜੀਦ ਲੋਕ ਭਲਾਈ ਟਰੱਸਟ ਹਾਂਗਕਾਂਗ ਵਲੋਂ ਪਰਿਵਾਰ ਨੂੰ ਆਰਥਿਕ ਮੱਦਦ ਦਿੱਤੀ ਗਈ ਹੈ। ਟਰੱਸਟ ਦੇ ਸੇਵਾਦਾਰ ਸੁਖਦੇਵ ਸੁੱਖੀ ਨੈਣੇਵਾਲੀਆ ਨੇ ਦੱਸਿਆ ਕਿ ਪਿੰਡ ਟੱਲੇਵਾਲ ਦੇ ਸੁਖਦੇਵ ਸਿੰਘ ਦੇ ਪਰਿਵਾਰ ਦਾ ਦਾਸਤਾਨ ਬਾਰੇ ਪਤਾ ਲੱਗਣ ਤੋਂ ਬਾਅਦ ਟਰੱਸਟ ਵਲੋਂ ਮੱਦਦ ਦਿੱਤੀ ਜਾ ਰਹੀ ਹੈ। ਪਰਿਵਾਰ ’ਚ ਬਜ਼ੁਰਗ ਸੁਖਦੇਵ ਸਿੰਘ (70) ਦਾ ਚੂਲਾ ਟੁੱਟਿਆ ਹੋਣ ਕਾਰਨ ਉਹ ਕੋਈ ਕੰਮ ਨਹੀਂ ਕਰ ਸਕਦੇ ਅਤੇ ਉਨ੍ਹਾਂ ਦਾ ਲੜਕਾ ਮਾਨਸਿਕ ਤੌਰ ’ਤੇ ਅਸਾਧਾਰਨ ਹੈ। ਇਨ੍ਹਾਂ ਦੋਵੇਂ ਪਿਉ-ਪੁੱਤਾਂ ਨੂੰ ਸੁਖਦੇਵ ਸਿੰਘ ਦੀ ਬਜ਼ੁਰਗ ਘਰਵਾਲੀ ਨਸੀਬ ਕੌਰ ਸੰਭਾਲ ਰਹੀ ਹੈ। ਉਹਨਾਂ ਦੱਸਿਆ ਕਿ ਅੱਜ ਪਰਿਵਾਰ ਨੂੰ ਟਰੱਸਟ ਵਲੋਂ 10000 ਰੁਪਏ, ਤਿੰਨ ਦਾਨੀ ਵੀਰਾਂ ਵਲੋਂ 12000 ਰੁਪਏ ਮੱਦਦ ਭੇਜੀ ਗਈ ਹੈ।