ਨਿੱਜੀ ਪੱਤਰ ਪ੍ਰੇਰਕ
ਸ੍ਰੀ ਮੁਕਤਸਰ ਸਾਹਿਬ, 3 ਜੁਲਾਈ
ਫਰੀਡਮ ਫਾਈਟਰ ਉਤਰਾਧਿਕਾਰੀ ਜਥੇਬੰਦੀ ਨੇ ਪੰਜਾਬ ਸਰਕਾਰ ਵੱਲੋਂ 300 ਯੂਨਿਟ ਬਿਜਲੀ ਮੁਆਫ਼ ਕਰਨ ਦੇ ਫ਼ੈਸਲੇ ਦਾ ਸਵਾਗਤ ਕਰਦਿਆਂ ਮੰਗ ਕੀਤੀ ਹੈ ਕਿ ਦੇਸ਼ ਭਗਤਾਂ ਦੇ ਵਾਰਸਾਂ ਦੀ ਬਿਜਲੀ ਮੁਆਫ਼ ਕਰਨ ਲਈ ਲਾਈ 1 ਕਿਲੋਵਾਟ ਦੀ ਸ਼ਰਤ ਨੂੰ ਹਟਾਇਆ ਜਾਵੇ। ਇਸ ਦੇ ਨਾਲ ਹੀ ਉਨ੍ਹਾਂ ਪੰਚਾਇਤ ਜ਼ਮੀਨਾਂ ਨੂੰ ਛਡਾਉਣ ਦੇ ਸਰਕਾਰੀ ਫ਼ੈਸਲੇ ਨੂੰ ਵੀ ਜਾਇਜ਼ ਦੱਸਦਿਆਂ ਦੇਸ਼ ਭਗਤਾਂ ਦੇ ਲੋੜਵੰਦ ਵਾਰਸਾਂ ਲਈ 5-5 ਮਰਲੇ ਦੇ ਪਲਾਟ ਦੇਣ ਦੀ ਮੰਗ ਕੀਤੀ ਹੈ। ਜਥੇਬੰਦੀ ਦੀ ਮੁਕਤਸਰ ਦੇ ਡਿਪਟੀ ਕਮਿਸ਼ਨਰ ਦਫ਼ਤਰ ਵਿੱਚ ਹੋਈ। ਬੈਠਕ ਦੌਰਾਨ ਨਿਰਮਲ ਸਿੰਘ ਮਲੋਟ, ਰਾਮ ਸਿੰਘ ਮਿੱਡਾ, ਬਲਜਿੰਦਰ ਸਿੰਘ ਮਧੀਰ, ਕੁਲਵੰਤ ਸਿੰਘ ਭਲਾਈਆਣਾ, ਅਮਰਜੀਤ ਬਾਵਾ, ਜਗਸੀਰ ਸਿੰਘ, ਲਖਵੰਤ ਸਿੰਘ, ਨਰਿੰਦਰ ਸਿੰਘ, ਗੁਰਦਿਆਲ ਸਿੰਘ, ਚਾਨਣ ਸਿੰਘ, ਗੁਰਦਿੱਤ ਸਿੰਘ ਤੇ ਹਰਜਿੰਦਰ ਕੌਰ ਨੇ ਦੱਸਿਆ ਕਿ ਦੇਸ਼ ਭਗਤਾਂ ਦੇ ਵਾਰਸਾਂ ਨੂੰ ਵਰਾਸਤ ਵਿੱਚ ਕੋਈ ਜਾਇਦਾਦ ਨਹੀਂ ਮਿਲੀ। ਇਸ ਮੌਕੇ ਦੇਸ਼ ਭਗਤ ਸੰਤ ਬਾਬਾ ਸਿੰਘ ਅਲੀਪਰ ਨੂੰ ਯਾਦ ਕੀਤਾ ਗਿਆ ਅਤੇ ਉੂਧਮ ਸਿੰਘ ਦਾ ਸ਼ਹੀਦੀ ਦਿਹਾੜਾ ਸੁਨਾਮ ਵਿੱਚ ਮਨਾਉਣ ਲਈ ਵਿਚਾਰ-ਵਟਾਂਦਰਾ ਕੀਤਾ ਗਿਆ।