ਸ਼ਗਨ ਕਟਾਰੀਆ
ਬਠਿੰਡਾ/ਜੈਤੋ, 6 ਅਗਸਤ
ਮਾਲਵੇ ਵਿਚ ਅੱਜ ਸਵੇਰੇ ਭਾਰੀ ਮੀਂਹ ਪਿਆ। ਅੱਜ ਬਠਿੰਡਾ ’ਚ 22 ਮਿਲੀਮੀਟਰ ਮੀਂਹ ਦਰਜ ਕੀਤਾ ਗਿਆ। ਸਵੇਰੇ ਪੰਜ ਵਜੇ ਦੇ ਕਰੀਬ ਸ਼ੁਰੂ ਹੋਏ ਮੀਂਹ ਤੋਂ ਬਾਅਦ ਨਿੱਕਲੀ ਧੁੱਪ ਕਾਰਨ ਦਿਨ ਤਾ ਤਾਪਮਾਨ 32 ਡਿਗਰੀ ਸੈਲਸੀਅਸ ’ਤੇ ਅੱਪੜ ਗਿਆ ਜਦੋਂਕਿ ਘੱਟੋ-ਘੱਟ ਪਾਰਾ 21. 2 ਡਿਗਰੀ ਸੈਲਸੀਅਸ ਰਿਹਾ।
ਪਹੁ-ਫੁਟਾਲੇ ਸਮੇਂ ਤੇਜ਼ ਹਵਾ ਨਾਲ ਪੱਛਮ ਵੱਲੋਂ ਆਈਆਂ ਕਾਲ਼ੀਆਂ ਘਟਾਵਾਂ ਦੱਬ ਕੇ ਵਰ੍ਹੀਆਂ। ਕਰੀਬ ਦੋ ਘੰਟੇ ਹੋਈ ਭਰਵੀਂ ਬਾਰਸ਼ ਰੋਜ਼ਾਨਾ ਦੀ ਜ਼ਿੰਦਗੀ ’ਤੇ ਅਸਰਅੰਦਾਜ਼ ਹੋਈ। ਹਵਾ ’ਚ ਨਮੀ ਕਾਰਨ ਕਈ ਦਿਨਾਂ ਤੋਂ ਚੱਲ ਰਹੀ ਹੁੰਮਸ ਭਰੀ ਗਰਮੀ ਤੋਂ ਲੋਕਾਂ ਨੂੰ ਰਾਹਤ ਮਿਲੀ। ਭਰਵੇਂ ਮੀਂਹ ਕਾਰਨ ਨੀਵੇਂ ਖੇਤਰਾਂ ’ਚ ਪਾਣੀ ਖੜ੍ਹਨ ਨਾਲ ਲੋਕਾਂ ਨੂੰ ਮੁਸ਼ਕਿਲਾਂ ਨਾਲ ਵੀ ਦੋ-ਚਾਰ ਹੋਣਾ ਪਿਆ।
ਮੀਂਹ ਕਾਰਨ ਅਮਰਪੁਰਾ ਬਸਤੀ ’ਚ ਇਕ ਘਰ ਦੀ ਛੱਤ ਡਿੱਗਣ ਨਾਲ ਪਰਵਾਸੀ ਮਜ਼ਦੂਰ ਅਤੇ ਉਸ ਦੀ ਪਤਨੀ ਜ਼ਖ਼ਮੀ ਹੋ ਗਏ। ਸੜਕਾਂ ’ਤੇ ਪਾਣੀ ਖੜ੍ਹਨ ਨਾਲ ਆਵਾਜਾਈ ਵੀ ਪ੍ਰਭਾਵਿਤ ਹੋਈ।
ਇਸੇ ਤਰ੍ਹਾਂ ਜੈਤੋ ’ਚ ਹੋਈ ਤੇਜ਼ ਬਾਰਸ਼ ਕਾਰਨ ਸ਼ਹਿਰ ਦਾ ਵਿਚਕਾਰਲਾ ਹਿੱਸਾ ਟਾਪੂ ਦੀ ਸ਼ਕਲ ਧਾਰ ਗਿਆ। ਸ਼ਹਿਰ ਦੇ ਬਾਹਰੀ ਖੇਤਰਾਂ ’ਚੋਂ ਹਰੀਜਨ ਕਲੋਨੀ, ਕੋਟਕਪੂਰਾ ਰੋਡ, ਬਾਜਾ ਰੋਡ, ਨਹਿਰੂ ਪਾਰਕ, ਨਵੀਂ ਬਸਤੀ ਖੇਤਰਾਂ ਦੀਆਂ ਗਲੀਆਂ ’ਚ ਪਾਣੀ ਦੋ ਤੋਂ ਤਿੰਨ ਫੁੱਟ ਭਰ ਗਿਆ। ਡੂੰਘੇ ਘਰਾਂ ਤੇ ਦੁਕਾਨਾਂ ’ਚ ਵੀ ਪਾਣੀ ਵੜ ਗਿਆ। ਬਿਜਲੀ ਕਾਮਿਆਂ ਦੀ ਕਾਲੋਨੀ ਦੀ ਬਾਹਰੀ ਕੰਧ ਪਾਣੀ ਦੇ ਤੇਜ਼ ਵਹਾਅ ’ਚ ਆ ਕੇ ਡਿੱਗ ਪਈ।
ਖੇਤੀ ਮਾਹਿਰਾਂ ਮੁਤਾਬਕ ਝੋਨੇ ਤੇ ਹਰੇ ਚਾਰੇ ਦੀ ਫ਼ਸਲ ਲਈ ਇਹ ਮੀਂਹ ਲਾਹੇਵੰਦ ਜਦੋਂਕਿ ਨਰਮੇ ਅਤੇ ਸਬਜ਼ੀਆਂ ਲਈ ਕੁਝ ਨੁਕਸਾਨਦੇਹ ਦੱਸਿਆ ਗਿਆ ਹੈ।
ਗ਼ਰੀਬ ਪਰਿਵਾਰ ਦੇ ਕਮਰੇ ਦੀ ਛੱਤ ਡਿੱਗੀ
ਸ੍ਰੀ ਮੁਕਤਸਰ ਸਾਹਿਬ (ਗੁਰਸੇਵਕ ਸਿੰਘ ਪ੍ਰੀਤ): ਮੀਂਹ ਕਾਰਨ ਅੱਜ ਸਵੇਰੇ ਕਰੀਬ ਚਾਰ ਵਜੇ ਪਿੰਡ ਬੁੜਾ ਗੁੱਜਰ ਦੇ ਮਜ਼ਦੂਰ ਜਗਦੇਵ ਸਿੰਘ ਦੇ ਕਮਰੇ ਦੀ ਛੱਤ ਡਿੱਗ ਪਈ। ਇਸ ਕਾਰਨ ਉਸ ਦੇ ਘਰ ਦਾ ਸਾਰਾ ਸਾਮਾਨ ਛੱਤ ਦੇ ਮਲਬੇ ਹੇਠ ਆ ਗਿਆ ਪਰ ਘਰ ਦੇ ਚਾਰੇ ਜੀਅ ਬਾਹਰ ਵਿਹੜੇ ਵਿੱਚ ਸੁੱਤੇ ਹੋਏ ਸਨ ਜਿਸ ਸਦਕਾ ਜਾਨੀ ਨੁਕਸਾਨ ਤੋਂ ਬਚਾਅ ਹੋ ਗਿਆ। ਪੀੜਤ ਜਗਦੇਵ ਸਿੰਘ ਨੇ ਦੱਸਿਆ ਕਿ ਉਸ ਨੇ ਕਰਜ਼ਾ ਚੁੱਕ ਕੇ ਕਮਰਾ ਪਾਇਆ ਸੀ। ਉਸ ਨੇ ਸਰਕਾਰ ਤੋਂ ਮੰਗ ਕੀਤੀ ਕਿ ਉਸ ਨੂੰ ਸਿਰ ਡੱਕਣ ਲਈ ਕਮਰੇ ਦੀ ਉਸਾਰੀ ਵਾਸਤੇ ਮੁਆਵਜ਼ਾ ਦਿੱਤਾ ਜਾਵੇ।