ਪੱਤਰ ਪ੍ਰੇਰਕ
ਮਾਨਸਾ, 9 ਜੁਲਾਈ
ਪੰਜਾਬ ਸਰਕਾਰ ਵੱਲੋਂ ਮਾਲਵਾ ਖੇਤਰ ਦੇ ਜ਼ਿਲ੍ਹਿਆਂ ਨੂੰ ਮੌਨਸੂਨ ਤੋਂ ਪਹਿਲਾਂ ਮੀਂਹਾਂ ਦੇ ਪਾਣੀ ਦੀ ਨਿਕਾਸੀ ਲਈ ਮੁੱਢਲੇ ਸਾਰੇ ਪ੍ਰਬੰਧ ਕਰਨ ਦੇ ਦਿੱਤੇ ਹੋਏ ਆਦੇਸ਼ਾਂ ਦਾ ਅੱਜ ਇਥੇ ਮੀਂਹ ਨੇ ਜਲੂਸ ਕੱਢ ਕੇ ਰੱਖ ਦਿੱਤਾ। ਅੱਧਾ ਘੰਟਾ ਪਏ ਮੀਂਹ ਨੇ ਸਾਰੇ ਮਾਨਸਾ ਸ਼ਹਿਰ ਨੂੰ ਜਲ-ਥਲ ਕਰ ਦਿੱਤਾ। ਸੀਵਰੇਜ ਦੀ ਨਿਕਾਸੀ ਤੇਜ਼ੀ ਨਾਲ ਨਾ ਹੋਣ ਕਾਰਨ ਲੋਕਾਂ ਦੇ ਘਰਾਂ ਵਿੱਚ ਪਾਣੀ ਚਲਾ ਗਿਆ। ਰਹਿੰਦੀ ਕਸਰ ਪਾਵਰ ਕਾਰਪੋਰੇਸ਼ਨ ਵੱਲੋਂ ਮੀਂਹ ਹਟੇ ਤੋਂ 5 ਘੰਟੇ ਬਾਅਦ ਵੀ ਬਿਜਲੀ ਨਾ ਛੱਡਣ ਕਾਰਨ ਕੱਢ ਦਿੱਤੀ। ਡਿਪਟੀ ਕਮਿਸ਼ਨਰ ਦੇ ਘਰ ਕੋਲ ਮੁੱਖ ਮਾਰਗਾਂ ’ਤੇ ਪਾਣੀ ਭਰ ਗਿਆ।
ਭਾਵੇਂ ਨਗਰ ਕੌਂਸਲ ਅਤੇ ਸੀਵਰੇਜ ਬੋਰਡ ਵੱਲੋਂ ਕੁੱਝ ਦਿਨ ਪਹਿਲਾਂ ਹੀ ਪਾਣੀ ਦੀ ਨਿਕਾਸੀ ਲਈ ਸਾਰੇ ਬੰਦੋਬਸਤ ਮੁਕੰਮਲ ਕਰਨ ਦਾ ਦਾਅਵਾ ਕੀਤਾ ਗਿਆ ਸੀ, ਪਰ ਅੱਜ ਦਾਅਵੇ ਹਕੀਕਤ ਬਣੇ ਦਿਖਾਈ ਨਾ ਦਿੱਤੇ। ਸ਼ਹਿਰ ਦੇ ਮੁੱਖ ਬਜ਼ਾਰਾਂ ਵਿੱਚੋਂ ਲੰਘਣਾ ਔਖਾ ਹੋ ਗਿਆ ਅਤੇ ਬਜ਼ਾਰ ਵਿੱਚ ਪਾਣੀ ਭਰਨ ਕਾਰਨ ਬਹੁਤੇ ਦੁਕਾਨਾਂ ਵਾਲਿਆਂ ਨੇ ਦਿਨ ਖੜ੍ਹੇ ਹੀ ਦੁਕਾਨਾਂ ਨੂੰ ਜਿੰਦਰੇ ਲਾ ਦਿੱਤੇ ਗਏ। ਲੋਕ ਆਪਣੇ ਘਰਾਂ ’ਚ ਵੜੇ ਪਾਣੀ ਨੂੰ ਬਾਹਰ ਕੱਢਦੇ ਰਹੇ ਪਰ ਦੇਰ ਸ਼ਾਮ ਤੱਕ ਸੀਵਰੇਜ ਬੋਰਡ ਦੇ ਅਧਿਕਾਰੀ ਅਤੇ ਕਰਮਚਾਰੀ ਕਿੱਧਰੇ ਨਜ਼ਰ ਨਹੀਂ ਆਏ।
ਧਨੌਲਾ (ਪੱਤਰ ਪ੍ਰੇਰਕ): ਇਲਾਕੇ ਵਿੱਚ ਦੁਪਹਿਰ ਸਮੇਂ ਪਏ ਮੀਂਹ ਨੇ ਜਿੱਥੇ ਲੋਕਾਂ ਨੂੰ ਗਰਮੀ ਤੋਂ ਰਾਹਤ ਦਿੱਤੀ। ਇਸੇ ਦੌਰਾਨ ਮੀਂਹ ਨੇ ਸ਼ਹਿਰ ਦੇ ਵਿਕਾਸ ਕਾਰਜਾਂ ਦੀ ਪੋਲ ਇੱਕ ਵਾਰ ਫਿਰ ਖੋਲ੍ਹ ਕੇ ਰੱਖ ਦਿੱਤੀ ਹੈ। ਬਾਰਸ਼ ਦੇ ਦਿਨਾਂ ਮੌਕੇ ਸ਼ਹਿਰ ਪਾਣੀ ਦੀ ਯੋਗ ਨਿਕਾਸੀ ਦਾ ਮੁੱਦਾ ਗਰਮਾਇਆ ਰਹਿੰਦਾ ਹੈ। ਪਾਣੀ ਦਾ ਨਿਕਾਸ ਨਾ ਹੋਣ ਕਾਰਨ ਸ਼ਹਿਰ ਦਾ ਸਦਰ ਬਾਜ਼ਾਰ ਟੋਭੇ ਦਾ ਰੂਪ ਧਾਰਨ ਕਰ ਗਿਆ। ਮੀਂਹ ਕਾਰਨ ਆਸ-ਪਾਸ ਦੇ ਪਿੰਡਾਂ ਨੂੰ ਧਨੌਲਾ ਨਾਲ ਜੋੜਨ ਵਾਲੇ ਵੱਖ-ਵੱਖ ਮਾਰਗ ਪਾਣੀ ਨਾਲ ਭਰ ਗਏ ਇਸ ਕਾਰਨ ਲੋਕਾਂ ਨੂੰ ਭਾਰੀ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪਿਆ। ਧਨੌਲਾ ਵਾਸੀਆਂ ਦਾ ਕਹਿਣਾ ਹੈ ਕਿ ਪ੍ਰਸ਼ਾਸਨ ਵੱਲੋਂ ਕਰੋੜਾਂ ਰੁਪਏ ਖ਼ਰਚ ਕਰਨ ਦੇ ਬਾਵਜੂਦ ਇਲਾਕੇ ਦੀ ਦਸ਼ਾ ਨਹੀਂ ਸੁਧਰ ਸਕੀ ਹੈ।
ਸਿਰਸਾ (ਨਿੱਜੀ ਪੱਤਰ ਪ੍ਰੇਰਕ): ਜ਼ਿਲ੍ਹਾ ਸਿਰਸਾ ਵਿੱਚ ਮੌਨਸੂਨ ਦਾ ਪਹਿਲਾ ਭਰਵਾਂ ਮੀਂਹ ਪਿਆ। ਮੀਂਹ ਪੈਣ ਨਾਲ ਜਿੱਥੇ ਕਿਸਾਨਾਂ ਨੂੰ ਫ਼ਾਇਦਾ ਹੋਇਆ ਹੈ, ਉੱਥੇ ਹੀ ਵਿਕਾਸ ਦੇ ਪ੍ਰਸ਼ਾਸਨਿਕ ਦਾਅਵਿਆਂ ਦੀ ਪੋਲ ਖੋਲ੍ਹੀ ਗਈ ਹੈ। ਵੱਖ-ਵੱਖ ਪਿੰਡਾਂ ਤੋਂ ਪ੍ਰਾਪਤ ਜਾਣਕਾਰੀ ਅਨੁਸਾਰ ਪਿੰਡਾਂ ਵਿੱਚ ਭਰਵਾਂ ਮੀਂਹ ਪਿਆ ਹੈ। ਉਧਰ ਸ਼ਹਿਰੀ ਖੇਤਰ ਵਿੱਚ ਸੜਕਾਂ ਪਾਣੀ ਨਾਲ ਭਰ ਗਈਆਂ ਹਨ ਜਿਸ ਕਾਰਨ ਆਵਾਜਾਈ ਵਿੱਚ ਵਿਘਣ ਪਿਆ ਹੈ। ਕਈ ਨੀਵੀਆਂ ਕਾਲੋਨੀਆਂ ’ਚ ਪਾਣੀ ਭਰ ਗਿਆ ਹੈ।
ਮੀਂਹ ਪੈਣ ਨਾਲ ਕਿਸਾਨ ਬਾਗੋ-ਬਾਗ
ਮਾਨਸਾ: ਮੌਨਸੂਨ ਆਉਣ ਤੋਂ ਬਾਅਦ ਅੱਜ ਮਾਲਵਾ ਖੇਤਰ ਵਿੱਚ ਪਏ ਭਰਵੇਂ ਮੀਂਹ ਨਾਲ ਖੇਤਾਂ ਵਿੱਚ ਖੂਬ ਰੌਣਕ-ਮੇਲਾ ਲੱਗ ਗਿਆ। ਪਾਣੀ ਦੀ ਘਾਟ ਪੂਰੀ ਹੋਣ ਮਗਰੋਂ ਕਿਸਾਨਾਂ ਵੱਲੋਂ ਖੇਤਾਂ ਵਿੱਚ ਯੂਰੀਆ ਖਾਦ ਦਾ ਛਿੱਟਾ ਦਿੱਤਾ ਜਾ ਰਿਹਾ ਹੈ। ਅੱਜ ਬਾਅਦ ਦੁਪਹਿਰ ਤੋਂ ਮੀਂਹ ਨਾਲ ਹੋਈ ਠੰਢ ਤੋਂ ਬਾਅਦ ਲੋਕਾਂ ਨੂੰ ਗਰਮੀ ਤੋਂ ਰਾਹਤ ਮਿਲੀ। ਖੇਤਾਂ ਵਿੱਚ ਪਾਣੀ ਦੀ ਘਾਟ ਨਾਲ ਜੂਝ ਰਹੇ ਕਿਸਾਨਾਂ ਨੇ ਅੱਜ ਖੇਤਾਂ ਵਿਚਲੇ ਆਪਣੇ ਟਿਊਬਵੈਲ ਬੰਦ ਕਰ ਦਿੱਤੇ ਹਨ। ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੇ ਬਠਿੰਡਾ ਸਥਿਤ ਖੇਤਰੀ ਖੋਜ ਕੇਂਦਰ ਦੇ ਵਿਗਿਆਨੀ ਡਾ. ਜੀਐਸ ਰੋਮਾਣਾ ਤੇ ਜ਼ਿਲ੍ਹਾ ਖੇਤੀਬਾੜੀ ਅਫ਼ਸਰ ਡਾ. ਮਨਜੀਤ ਸਿੰਘ ਨੇ ਕਿਹਾ ਇਸ ਮੀਂਹ ਮਗਰੋਂ ਫ਼ਸਲਾਂ ਦਾ ਵਾਧਾ ਫੌਰੀ ਸ਼ੁਰੂ ਹੋ ਜਾਵੇਗਾ। ਇਸ ਦਾ ਸਭ ਤੋਂ ਵੱਧ ਫ਼ਾਇਦਾ ਨਰਮੇ ਦੀ ਫ਼ਸਲ ਸਣੇ ਹਰੇ-ਚਾਰੇ ਅਤੇ ਸਬਜ਼ੀਆਂ ਨੂੰ ਵੀ ਦੱਸਿਆ ਹੈ।