ਲਖਵੀਰ ਸਿੰਘ ਚੀਮਾ
ਟੱਲੇਵਾਲ, 18 ਜੂਨ
ਇੱਕ ਪਾਸੇ ਜਿੱਥੇ ਕਰੋਨਾਵਾਇਰਸ ਨੇ ਲੋਕਾਂ ਦੀ ਚਿੰਤਾ ਵਧਾ ਰੱਖੀ ਹੈ, ਉਥੇ ਦਿਨੋਂ ਦਿਨ ਵਧ ਰਹੀ ਗਰਮੀ ਕਾਰਨ ਲੋਕਾਂ ਦਾ ਘਰਾਂ ’ਚੋਂ ਨਿਕਲਣਾ ਮੁਹਾਲ ਹੋਇਆ ਪਿਆ ਹੈ। ਵੀਰਵਾਰ ਨੂੰ ਤਾਪਮਾਨ 40 ਡਿਗਰੀ ਤੋਂ ਪਾਰ ਹੀ ਰਿਹਾ। ਵਧ ਰਹੀ ਗਰਮੀ ਕਾਰਨ ਖੇਤੀ ਦਾ ਕੰਮ ਸਭ ਤੋਂ ਵੱਧ ਪ੍ਰਭਾਵਿਤ ਹੋ ਰਿਹਾ ਹੈ। ਪਰਵਾਸੀ ਮਜ਼ਦੂਰਾਂ ਦੀ ਘਾਟ ਕਾਰਨ ਸਥਾਨਕ ਮਜ਼ਦੂਰਾਂ ’ਤੇ ਗਰਮੀ ਦਾ ਵਧੇਰੇ ਅਸਰ ਪੈ ਰਿਹਾ ਹੈ। ਇਸ ਕਰਕੇ ਝੋਨਾ ਲਗਾਉਣ ਦੀ ਰਫ਼ਤਾਰ ਵੀ ਘਟ ਰਹੀ ਹੈ। ਸਬਜ਼ੀ ਅਤੇ ਨਰਮੇ ਦੀ ਫ਼ਸਲ ’ਤੇ ਵੀ ਵਧੀ ਗਰਮੀ ਦਾ ਅਸਰ ਪੈ ਰਿਹਾ ਹੈ। ਸਬਜ਼ੀਆਂ ਦਾ ਝਾੜ ਘਟ ਰਿਹਾ ਹੈ। ਸਬਜ਼ੀ ਅਤੇ ਨਰਮਾ ਕਾਸ਼ਤਕਾਰਾਂ ਵਲੋਂ ਫ਼ਸਲ ਨੂੰ ਲਗਾਤਾਰ ਹਲਕਾ ਪਾਣੀ ਦੇਣਾ ਸ਼ੁਰੂ ਕੀਤਾ ਗਿਆ ਹੈ। ਹੋਮਿਓਪੈਥੀ ਦੇ ਮਾਹਿਰ ਡਾ.ਅਮਨਦੀਪ ਸਿੰਘ ਟੱਲੇਵਾਲ ਨੇ ਲੋਕਾਂ ਨੂੰ ਗਰਮੀ ਤੋਂ ਬਚਣ ਲਈ ਧੁੱਪ ਵਿੱਚ ਨਿਕਲਣ ਤੋਂ ਗੁਰੇਜ਼ ਕੀਤਾ ਹੈ। ਉਨ੍ਹਾਂ ਕਿਹਾ ਕਿ ਬਿਨਾਂ ਕਾਰਨ ਘਰੋਂ ਬਾਹਰ ਨਾ ਨਿਕਲਿਆ ਜਾਵੇ।
ਜਾਨ ਜੋਖਮ ਵਿੱਚ ਪਾ ਕੇ ਨਹਿਰ ’ਚ ਨਹਾ ਰਹੇ ਨੌਜਵਾਨ
ਨਥਾਣਾ (ਭਗਵਾਨ ਦਾਸ ਗਰਗ): ਇੰਨ੍ਹੀਂ ਦਿਨੀਂ ਕੜਾਕੇ ਦੀ ਗਰਮੀ ਪੈ ਰਹੀ ਹੈ। ਦੁਪਹਿਰ ਸਮੇਂ ਘਰੋਂ ਬਾਹਰ ਨਿਕਲਣਾ ਬੜਾ ਔਖਾ ਹੈ। ਨਥਾਣਾ, ਪੂਹਲਾ, ਪੂਹਲੀ, ਗੋਬਿੰਦਪੁਰਾ, ਹਰਰੰਗਪੁਰਾ ਅਤੇ ਬੀਬੀਵਾਲਾ ਆਦਿ ਪਿੰਡਾਂ ਦੇ ਨੌਜਵਾਨ ਦਿਨ ਦੀ ਗਰਮੀਂ ਤੋਂ ਕੁਝ ਦੇਰ ਰਾਹਤ ਲੈਣ ਲਈ ਪਿੰਡਾਂ ਨਾਲੋਂ ਲੰਘਦੀ ਸਰਹਿੰਦ ਨਹਿਰ ਦੀ ਬਠਿੰਡਾ ਬਰਾਂਚ ‘ਚ ਵੱਖ ਵੱਖ ਥਾਵਾਂ ‘ਤੇ ਨਹਾਉਂਦੇ ਰਹਿੰਦੇ ਹਨ। ਭਾਵੇਂ ਨੌਜਵਾਨਾਂ ਦਾ ਅਜਿਹਾ ਕਦਮ ਖ਼ਤਰੇ ਤੋਂ ਖਾਲੀ ਨਹੀਂ ਪਰ ਉਹ ਵਗਦੀ ਨਹਿਰ ਦੇ ਠੰਢੇ ਪਾਣੀ ਵਿੱਚ ਨਹਾ ਕੇ ਸਕੂਨ ਮਹਿਸੂਸ ਕਰਦੇ ਹਨ ਅਤੇ ਗਰਮੀ ਤੋਂ ਕੁਝ ਸਮੇਂ ਦੀ ਰਾਹਤ ਲੈ ਕੇ ਘਰਾਂ ਨੂੰ ਪਰਤ ਜਾਂਦੇ ਹਨ। ਪਿੰਡ ਗੋਬਿੰਦਪੁਰਾ ਨੇੜੇ ਡੂੰਘੇ ਅਤੇ ਪੱਕੇ ਰਜਵਾਹੇ ਵਿੱਚ ਕਈ ਵਾਰ ਅਣਹੋਣੀਆਂ ਘਟਨਾਵਾਂ ਵਾਪਰ ਚੁੱਕੀਆਂ ਹਨ ਪ੍ਰੰਤੂ ਨੌਜਵਾਨ ਅਜਿਹਾ ਕੁਝ ਪੂਰੀ ਤਰ੍ਹਾਂ ਅਣਗੌਲਿਆਂ ਕਰ ਦਿੰਦੇ ਹਨ।