ਪਰਮਜੀਤ ਸਿੰਘ
ਫਾਜ਼ਿਲਕਾ, 17 ਨਵੰਬਰ
ਭਾਰਤੀ ਕਮਿਊਨਿਸਟ ਪਾਰਟੀ (ਸੀਪੀਆਈ) ਵੱਲੋਂ ਜ਼ਿਲ੍ਹਾ ਪੁਲੀਸ ਮੁਖੀ ਖ਼ਿਲਾਫ਼ ਸੰਘਰਸ਼ ਵਿੱਢਣ ਲਈ ਅੱਜ ਐੱਸਐੱਸਪੀ ਦਫ਼ਤਰ ਸਾਹਮਣੇ ਦੁਪਹਿਰ ਦੇ ਦੋ ਵਜੇ ਪ੍ਰੈੱਸ ਕਾਨਫਰੰਸ ਕਰਨ ਦਾ ਐਲਾਨ ਕੀਤਾ ਗਿਆ ਸੀ। ਇਸ ਐਲਾਨ ਤੋਂ ਤੁਰੰਤ ਬਾਅਦ ਜ਼ਿਲ੍ਹੇ ਦੇ ਪੁਲੀਸ ਅਧਿਕਾਰੀਆਂ ਨੇ ਪਾਰਟੀ ਆਗੂਆਂ ਨਾਲ ਤਾਲਮੇਲ ਕਰਕੇ ਉਨ੍ਹਾਂ ਦੇ ਮਸਲੇ ਤੁਰੰਤ ਹੱਲ ਕਰਨ ਲਈ ਮੀਟਿੰਗ ਸੱਦੀ ਅਤੇ ਮੀਟਿੰਗ ਤੋਂ ਬਾਅਦ ਭਰੋਸਾ ਦਿਵਾਇਆ ਕਿ ਇਕ ਹਫਤੇ ਅੰਦਰ ਉਨ੍ਹਾਂ ਦੇ ਮਸਲੇ ਹੱਲ ਕਰ ਦਿੱਤੇ ਜਾਣਗੇ। ਪੁਲੀਸ ਅਧਿਕਾਰੀਆਂ ਵੱਲੋਂ ਵਿਸ਼ਵਾਸ ਦਿਵਾਉਣ ’ਤੇ ਜ਼ਿਲ੍ਹਾ ਪੁਲੀਸ ਮੁਖੀ ਖ਼ਿਲਾਫ਼ ਜ਼ਿਲ੍ਹੇ ਭਰ ’ਚ ਕੀਤਾ ਜਾਣ ਵਾਲਾ ਪੁਤਲਾ ਫੂਕ ਮੁਜ਼ਾਹਰਾ ਇਕ ਹਫ਼ਤੇ ਲਈ ਮੁਲਤਵੀ ਕਰ ਦਿੱਤਾ ਗਿਆ ਹੈ।
ਇਸ ਸਬੰਧੀ ਜਾਣਕਾਰੀ ਸੀਪੀਆਈ ਦੇ ਜ਼ਿਲ੍ਹਾ ਸਕੱਤਰ ਕਾਮਰੇਡ ਹੰਸਰਾਜ ਗੋਲਡਨ ਨੇ ਪੱਤਰਕਾਰਾਂ ਦੇ ਨਾਂ ਜਾਰੀ ਕੀਤੇ ਇਕ ਪ੍ਰੈੱਸ ਬਿਆਨ ’ਚ ਦਿੱਤੀ। ਉਨ੍ਹਾਂ ਦੱਸਿਆ ਕਿ ਜ਼ਿਲ੍ਹਾ ਪੁਲੀਸ ਮੁਖੀ ਵੱਲੋਂ ਲੋਕਾਂ ਨਾਲ ਕਰੋੜਾਂ ਰੁਪਏ ਦੀ ਠੱਗੀ ਮਾਰਨ ਵਾਲੇ ਅਮਨ ਸਕੌਡਾ ਦੇ ਹਮਾਇਤੀਆਂ ਦੀ ਖੁੱਲ੍ਹ ਕੇ ਹਮਾਇਤ ਕੀਤੀ ਜਾ ਰਹੀ ਹੈ ਅਤੇ ਲੋਕਾਂ ਤੇ ਨਾਜਾਇਜ਼ ਮੁਕੱਦਮੇ ਦਰਜ ਕੀਤੇ ਜਾ ਰਹੇ ਹਨ। ਪਾਰਟੀ ਵੱਲੋਂ ਐੱਸਐੱਸਪੀ ਨੂੰ ਕਈ ਵਾਰ ਮਿਲਣ ਦੇ ਬਾਵਜੂਦ ਕੋਈ ਵੀ ਮਸਲਾ ਹੱਲ ਨਹੀਂ ਕੀਤਾ ਗਿਆ। ਉਲਟਾ ਹਰ ਰੋਜ਼ ਗ਼ਰੀਬ ਲੋਕਾਂ ’ਤੇ ਮੁਕੱਦਮੇ ਦਰਜ ਹੋ ਰਹੇ ਹਨ ਅਤੇ ਜ਼ਿਲ੍ਹਾ ਪੁਲੀਸ ਮੁਖੀ ਮੂਕ ਦਰਸ਼ਕ ਬਣ ਕੇ ਵੇਖ ਰਿਹਾ ਹੈ। ਆਗੂਆਂ ਨੇ ਕਿਹਾ ਕਿ ਹੁਣ ਜ਼ਿਲ੍ਹਾ ਪੁਲੀਸ ਮੁਖੀ ਨਾਲ ਮੁਲਾਕਾਤਾਂ ਦੀ ਹੱਦ ਹੋ ਗਈ ਹੈ। ਇਸ ਤੋਂ ਬਾਅਦ ਕੋਈ ਵੀ ਮਸਲੇ ਦੇ ਹੱਲ ਤੋਂ ਬਿਨਾਂ ਮੁਲਾਕਾਤ ਨਹੀਂ ਕਰਨਗੇ ਅਤੇ ਜੇਕਰ ਹਫ਼ਤੇ ਵਿੱਚ ਮਸਲੇ ਹੱਲ ਨਹੀਂ ਹੁੰਦੇ ਤਾਂ ਜ਼ਿਲ੍ਹੇ ਭਰ ਼ ਅਰਥੀ ਫੂਕ ਮੁਜ਼ਾਹਰੇ ਕੀਤੇ ਜਾਣਗੇ।
ਇਸ ਮੌਕੇ ਸੀਪੀਆਈ ਦੇ ਬਲਾਕ ਸਮਿਤੀ ਮੈਂਬਰ ਸੁਬੇਗ ਝੰਗੜ ਭੈਣੀ, ਨਰਿੰਦਰ ਢਾਬਾਂ, ਕ੍ਰਿਸ਼ਨ ਧਰਮੂਵਾਲਾ, ਹੁਸ਼ਿਆਰ ਸਿੰਘ, ਕੁਲਦੀਪ ਬੱਖੂਸ਼ਾਹ ਜਰਨੈਲ ਢਾਬਾਂ ਅਤੇ ਸਰਪੰਚ ਜੱਜ ਸਿੰਘ ਕੱਟੀਆਂਵਾਲਾ ਮੌਜੂਦ ਸਨ।