ਜੋਗਿੰਦਰ ਸਿੰਘ ਮਾਨ
ਮਾਨਸਾ, 23 ਦਸੰਬਰ
ਸਿਹਤ ਮੁਲਾਜ਼ਮ ਤਾਲਮੇਲ ਕਮੇਟੀ ਦੇ ਬੈਨਰ ਹੇਠ ਸਿਹਤ ਵਿਭਾਗ ਮਾਨਸਾ ਦੇ ਸਮੂਹ ਮੁਲਾਜ਼ਮਾਂ ਵੱਲੋਂ ਸ਼ਹਿਰ ਵਿੱਚ ਰੋਸ ਮਾਰਚ ਕਰਦਿਆਂ ਦਫ਼ਤਰ ਸਿਵਲ ਸਰਜਨ ਤੋਂ ਸ਼ੁਰੂ ਕਰਕੇ ਬੱਸ ਸਟੈਂਡ ਸਾਹਮਣੇ ਪੰਜਾਬ ਸਰਕਾਰ ਦਾ ਪਿੱਟ ਸਿਆਪਾ ਕਰਕੇ ਸੂਬਾ ਸਰਕਾਰ ਦੀ ਅਰਥੀ ਸਾੜੀ ਗਈ ਅਤੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਵੱਲੋਂ ਕੀਤੇ ਫੋਕੇ ਐਲਾਨਾਂ ਦੇ ਘੜੇ ਭੰਨੇ ਗਏ। ਇਸ ਮੌਕੇ ’ਤੇ ਸਿਹਤ ਮੁਲਾਜ਼ਮਾਂ ਵੱਲੋਂ ਇੱਕ ਦਿਨ ਦੀ ਮੁਕੰਮਲ ਹੜਤਾਲ ਵੀ ਕੀਤੀ ਗਈ। ਸਿਹਤ ਮੁਲਾਜਮਾਂ ਵੱਲੋਂ ਸੂਬਾ ਸਰਕਾਰ ਖ਼ਿਲਾਫ਼ ਰੋਸ ਜਾਹਿਰ ਕਰਦਿਆਂ ਸੜਕ ਦਾ ਇੱਕ ਪਾਸਾ ਮੁਕੰਮਲ ਬੰਦ ਕਰਦਿਆਂ ਜਬਰਦਸ਼ਤ ਨਾਅਰੇਬਾਜ਼ੀ ਕੀਤੀ ਗਈ। ਸਿਹਤ ਮੁਲਾਜ਼ਮ ਤਾਲਮੇਲ ਕਮੇਟੀ ਦੇ ਆਗੂ ਡਾ. ਅਰਸ਼ਦੀਪ ਸਿੰਘ ਨੇ ਕਿਹਾ ਕਿ ਸੂਬਾ ਸਰਕਾਰ ਲਗਾਤਾਰ ਫੋਕੀ ਬਿਆਨਬਾਜ਼ੀ ਕਰਕੇ ਮੁਲਾਜ਼ਮ ਵਰਗ ਤੇ ਆਮ ਲੋਕਾਂ ਨੂੰ ਗੁਮਰਾਹ ਕਰਦੀ ਆ ਰਹੀ ਹੈ, ਜੋ ਨਾ ਬਰਦਾਸ਼ਤਯੋਗ ਹੈ।
ਦੋਦਾ (ਜਸਵੀਰ ਸਿੰਘ ਭੁੱਲਰ) ਸਿਹਤ ਵਿਭਾਗ ਦੇ ਸਮੁੱਚੇ ਕੇਡਰਾਂ ਦੇ ਆਧਾਰ ’ਤੇ ਜੁਆਇੰਟ ਐਕਸ਼ਨ ਸਿਹਤ ਕਮੇਟੀ ਪੰਜਾਬ ਵੱਲੋਂ ਉਲੀਕੇ ਪ੍ਰੋਗਰਾਮ ਅਨੁਸਾਰ ਤੇ ਐੱਨਐੱਚਐੱਮ ਐਂਪਲਾਈ ਯੂਨੀਅਨ ਪੰਜਾਬ, ਬਲਾਕ ਦੋਦਾ ਵੱਲੋਂਂ ਐਮਰਜੰਸੀ ਸੇਵਾਵਾਂ ਨੂੰ ਛੱਡ ਕੇ ਹਸਪਾਤਲ ਦਾ ਬਾਕੀ ਸਾਰਾ ਕੰਮ ਠੱਪ ਕਰਕੇ ਰੋਸ ਪ੍ਰਦਰਸ਼ਨ ਕੀਤਾ। ਸੂਬਾ ਆਗੂ ਸੁਖਵਿੰਦਰ ਸਿੰਘ ਦੋਦਾ ਤੇ ਡਾ. ਹਰਪ੍ਰੀਤ ਸਿੰਘ ਐੱਨਐੱਚਐੱਮ ਨੇ ਦੱਸਿਆ ਕਿ ਕਾਂਗਰਸ ਸਰਕਾਰ ਐੱਨਐੱਚਐੱਮ ਕਾਮਿਆਂ ਨੂੰ ਪੱਕਾ ਕਰਨ ਦੇ ਵਾਅਦੇ ਨਾਲ ਸੱਤਾ ਵਿੱਚ ਆਈ ਸੀ ਪਰ ਹੁਣ 5 ਸਾਲ ਬੀਤ ਜਾਣ ਦੇ ਬਾਵਜੂਦ ਕਾਮੇ ਸੜਕਾਂ ’ਤੇ ਰੁਲ ਰਹੇ ਹਨ।