ਨਿੱਜੀ ਪੱਤਰ ਪ੍ਰੇਰਕ
ਫਾਜ਼ਿਲਕਾ,7 ਸਤੰਬਰ
ਡੇਢ ਸਾਲ ਪਹਿਲਾਂ ਆਈ ਕੋਵਿਡ 19 ਦੀ ਲਹਿਰ ਨੇ ਹਰ ਇਕ ਮਨੁੱਖ ਨੂੰ ਖ਼ਤਰੇ ਵਿੱਚ ਪਾ ਦਿੱਤਾ ਸੀ। ਇਸ ਦੌਰਾਨ ਜ਼ਿਲ੍ਹਾ ਫ਼ਾਜ਼ਿਲਕਾ ਅਧੀਨ ਆਉਂਦੇ ਸੀਐੱਚਸੀ ਰਾਮਸਰਾ ਦੇ ਹਸਪਤਾਲ ਵਿੱਚ ਅੱਧੀ ਦਰਜਨ ਤੋਂ ਵੱਧ ਕੰਮ ਕਰ ਰਹੇ ਸੀਨੀਅਰ ਡਾਕਟਰਾਂ ਅਤੇ ਮੈਡੀਕਲ ਦੇ ਬਾਕੀ ਕਰਮਚਾਰੀਆਂ ਨੂੰ ਪਿਛਲੇ ਕਈ ਮਹੀਨਿਆਂ ਤੋਂ ਤਨਖਾਹ ਨਹੀਂ ਮਿਲੀ। ਫਾਜ਼ਿਲਕਾ ਦੇ ਸਿਵਲ ਸਰਜਨ ਨੂੰ ਲਿਖੇ ਇਕ ਪੱਤਰ ‘ਚ ਡਾ ਰਮਨਦੀਪ,ਡਾ ਸਾਹਿਲ, ਰੇਡੀਓਗ੍ਰਾਫਰ ਮਨਜੀਤ ਸਿੰਘ,ਫਾਰਮੇਸੀ ਅਫਸਰ ਮਲਕੀਤ ਸਿੰਘ, ਸਟਾਫ ਨਰਸ ਰਮਨਦੀਪ ਹਾਂਡਾ, ਦੀਪਕ ਕੁਮਾਰ ਅਤੇ ਰਜਿੰਦਰ ਸਿੰਘ ਨੇ ਦੱਸਿਆ ਕਿ ਕਰੋਨਾ ਦੌਰਾਨ ਉਹ ਮੂਹਰਲੀਆਂ ਕਤਾਰਾਂ ਚ ਰਹਿ ਕੇ ਲੋਕਾਂ ਦੀ ਜਾਨ ਬਚਾਉਣ ਲਈ ਸੇਵਾਵਾਂ ਦਿੰਦੇ ਰਹੇ,ਪਰ ਉਨ੍ਹਾਂ ਦਾ ਮਿਹਨਤਾਨਾ ਨਾ ਮਿਲਣਾ,ਉਨ੍ਹਾਂ ਨੂੰ ਇੰਜ ਲੱਗਦਾ ਕਿ ਉਨ੍ਹਾਂ ਨੂੰ ਇਹ ਸਿਲਾ ਦਿੱਤਾ ਗਿਆ ਹੈ। ਉਨ੍ਹਾਂ ਪੰਜਾਬ ਸਰਕਾਰ ਅਤੇ ਪ੍ਰਸ਼ਾਸਨ ਤੋਂ ਤਨਖ਼ਾਹਾਂ ਦੇਣ ਦੀ ਅਪੀਲ ਕੀਤੀ।
ਇੱਕ ਦੋ ਦਿਨਾਂ ਵਿੱਚ ਤਨਖ਼ਾਹ ਮਿਲ ਜਾਵੇਗੀ: ਿਸਵਲ ਸਰਜਨ
ਇਸ ਸਬੰਧੀ ਫਾਜ਼ਿਲਕਾ ਦੇ ਸਿਵਲ ਸਰਜਨ ਡਾ. ਦਵਿੰਦਰ ਕੁਮਾਰ ਨੇ ਕਿਹਾ ਕਿ ਇਸ ਸੈਂਟਰ ਦੇ ਡਾਕਟਰਾਂ ਅਤੇ ਮੈਡੀਕਲ ਸਟਾਫ ਦੀਆਂ ਤਨਖਾਹਾਂ ਇਕ ਦੋ ਦਿਨਾਂ ਵਿੱਚ ਪਵਾ ਦਿੱਤੀਆਂ ਜਾਣਗੀਆਂ। ਉਨ੍ਹਾਂ ਦੱਸਿਆ ਕਿ ਇਸ ਸਟਾਫ ਦਾ ਡੀਡੀਓ ਅਫਸਰ ਨਾ ਹੋਣ ਕਰਕੇ ਦਿੱਕਤ ਆ ਰਹੀ ਸੀ।