ਜੋਗਿੰਦਰ ਸਿੰਘ ਮਾਨ
ਮਾਨਸਾ, 3 ਅਗਸਤ
ਸਿਹਤ ਮੁਲਾਜ਼ਮ ਸੰਘਰਸ਼ ਕਮੇਟੀ ਦੀ ਅਗਵਾਈ ਵਿੱਚ 24 ਜੁਲਾਈ ਤੋਂ ਲਗਾਤਾਰ ਸਿਵਲ ਸਰਜਨ ਦਫ਼ਤਰ ਵਿੱਚ ਚੱਲ ਰਹੀ ਭੁੱਖ ਹੜਤਾਲ ਅੱਜ 9ਵੇਂ ਦਿਨ ਵੀ ਜਾਰੀ ਰਹੀ। ਆਗੂਆਂ ਦਾ ਕਹਿਣਾ ਹੈ ਕਿ ਸਿਹਤ ਮੁਲਾਜ਼ਮਾਂ ਨੂੰ ਕਰੋਨਾ ਯੋਧੇ ਕਹਿਣ ਵਾਲੀ ਸਰਕਾਰ ਦੇ ਕੰਨ ’ਤੇ ਜੂੰ ਨਹੀਂ ਸਰਕ ਰਹੀ। ਉਨ੍ਹਾਂ ਕਿਹਾ ਕਿ ਭਰਾ-ਭੈਣ ਦੇ ਪਵਿੱਤਰ ਤਿਉਹਾਰ ਰੱਖੜੀ ਵਾਲੇ ਦਿਨ ਸਿਹਤ ਕਰਮਚਾਰੀ ਦਰੀਆਂ ’ਤੇ ਬੈਠੇ ਭੁੱਖ ਹੜਤਾਲ ਕਰਨ ਲਈ ਮਜਬੂਰ ਹਨ।
ਜਥੇਬੰਦੀ ਦੇ ਜ਼ਿਲ੍ਹਾ ਪ੍ਰਧਾਨ ਕੇਵਲ ਸਿੰਘ ਨੇ ਦੱਸਿਆ ਕਿ ਵੱਖ-ਵੱਖ ਭਰਾਤਰੀ ਮੁਲਾਜ਼ਮ ਜਥੇਬੰਦੀਆਂ ਵੱਲੋਂ ਸੰਘਰਸ਼ ਕਮੇਟੀ ਦੇ ਇਸ ਸੰਘਰਸ਼ ਨੂੰ ਪੁਰਜ਼ੋਰ ਹਮਾਇਤ ਦਿੱਤੀ ਗਈ ਹੈ। ਉਨ੍ਹਾਂ ਦੱਸਿਆ ਕਿ ਰਮਨਪ੍ਰੀਤ ਕੌਰ, ਕੁਲਵਿੰਦਰ ਕੌਰ, ਸੁਖਜੀਤ ਕੌਰ, ਗੁਰਤੇਜ ਸਿੰਘ ਅਤੇ ਕੁਲਜੀਤ ਸਿੰਘ ਨੇ ਭੁੱਖ ਹੜਤਾਲ ਵਿੱਚ ਸ਼ਮੂਲੀਅਤ ਕੀਤੀ। ਉਨ੍ਹਾਂ ਕਿਹਾ ਕਿ ਮੁਲਾਜ਼ਮ 7 ਅਗਸਤ ਨੂੰ ਪਟਿਆਲਾ ਵਿੱਚ ਮੋਤੀ ਮਹਿਲ ਦਾ ਘਿਰਾਓ ਕਰਨਗੇ।
ਰੂਰਲ ਫਾਰਮਾਸਿਸਟ ਵੀ ਮੰਗਾਂ ’ਤੇ ਅੜੇ
ਬਰਨਾਲਾ (ਖੇਤਰੀ ਪ੍ਰਤੀਨਿਧ): ਡੇਢ ਦਹਾਕੇ ਤੋਂ ਠੇਕੇ ’ਤੇ ਕੰਮ ਕਰ ਰਹੇ ਰੂਰਲ ਫਾਰਮੇਸੀ ਅਫ਼ਸਰ ਤੇ ਦਰਜਾ ਚਾਰ ਕਰਮਚਾਰੀ ਆਪਣੀਆਂ ਸੇਵਾਵਾਂ ਨੂੰ ਰੈਗੂਲਰ ਕਰਵਾਉਣ ਲਈ ਰੱਖੜੀ ਦਾ ਤਿਉਹਾਰ ਮਜਬੂਰਨ ਧਰਨਾ ਸਥਾਨ ’ਤੇ ਮਨਾਉਂਦੇ ਹੋਏ 45ਵੇਂ ਦਿਨ ਵੀ ਡਟੇ ਰਹੇ। ਰੂਰਲ ਫਾਰਮੇਸੀ ਅਫ਼ਸਰ ਐਸੋਸੀਏਸ਼ਨ ਦੇ ਜ਼ਿਲ੍ਹਾ ਪ੍ਰਧਾਨ ਬਰਜੇਸ਼ ਕੁਮਾਰ ਤੇ ਦਰਜਾ ਚਾਰ ਪ੍ਰਧਾਨ ਸ਼ਰਨਜੀਤ ਕੌਰ ਨੇ ਕਿਹਾ ਕਿ ਲੋਕ ਪੱਖੀ ਸਰਕਾਰਾਂ ਤਿਉਹਾਰਾਂ ਮੌਕੇ ਮੁਲਾਜ਼ਮਾਂ ਨੂੰ ਕੋਈ ਨਾ ਕੋਈ ਬਣਦਾ ਹੱਕ ਦੇ ਕੇ ਤੋਹਫ਼ਾ ਦਿੰਦੀਆਂ ਹਨ ਪਰ ਕੈਪਟਨ ਸਰਕਾਰ ਨੇ ਤੋਹਫ਼ਾ ਤਾਂ ਕੀ ਬਲਕਿ ਆਪਣੀਆਂ ਜਾਇਜ਼ ਮੰਗਾਂ ਲਈ 45 ਦਿਨਾਂ ਤੋਂ ਸੰਘਰਸ਼ਸ਼ੀਲ ਹੜਤਾਲੀ ਫਾਰਮੇਸੀ ਅਫ਼ਸਰਾਂ ਦੀਆਂ ਤਨਖ਼ਾਹਾਂ ਵੀ ਰੋਕ ਦਿੱਤੀਆਂ ਹਨ। ਉਨ੍ਹਾਂ ਮੰਗ ਕੀਤੀ ਕਿ ਸਿਹਤ ਸੇਵਾਵਾਂ ਨਾਲ ਜੁੜੇ ਕੱਚੇ ਮੁਲਾਜ਼ਮਾਂ ਨੂੰ ਪਹਿਲ ਦੇ ਆਧਾਰ ’ਤੇ ਰੈਗੂਲਰ ਕਰਨ ਦਾ ਸਰਕਾਰ ਫੌਰੀ ਨੋਟੀਫਿਕੇਸ਼ਨ ਜਾਰੀ ਕਰੇ। ਇਸ ਮੌਕੇ ਵਰਿੰਦਰ ਬਚਨ, ਪਰਸ਼ੋਤਮ ਕੁਮਾਰ, ਜਗਮੋਹਨ ਸਿੰਘ, ਮਨਮੋਹਨ ਸਿੰਘ, ਇਕਬਾਲ ਸਿੰਘ, ਮੋਨਿਕਾ, ਭਗਵੰਤ ਸਿੰਘ, ਹਰਬੰਸ ਕੌਰ, ਰਾਮ ਸਿੰਘ, ਸਰਬਜੀਤ ਕੌਰ, ਰਾਕੇਸ਼ ਕੁਮਾਰ, ਰਾਣੀ ਕੌਰ, ਰਮਨ ਕੁਮਾਰ ਆਦਿ ਵੀ ਸ਼ਾਮਿਲ ਸਨ।