ਇਕਬਾਲ ਸਿੰਘ ਸ਼ਾਂਤ
ਲੰਬੀ, 14 ਜੁਲਾਈ
ਮਹਾਮਾਰੀ ਤੋਂ ਬਚਾਅ ਖਾਤਰ ਲੋਕਾਂ ਨੂੰ ਸਿਹਤ ਦਾ ਪਾਠ ਪੜ੍ਹਾਉਣ ਵਾਲੇ ਸੂਬਾ ਸਰਕਾਰ ਦੇ ਖੁਦ ਸਿਹਤ ਝੰਡੇਬਰਦਾਰਾਂ ਹੀ ਕੋਵਿਡ-19 ਦੇ ਨਿਯਮਾਂ ਤੋਂ ਥਿੜਕੇ ਹੋਏ ਹਨ। ਕਰੋਨਾ ਮਹਾਮਾਰੀ ਪ੍ਰਤੀ ਜਾਗਰੂਕਤਾ ਲਈ ਅੱਜ ਸੀ.ਐੱਚ.ਸੀ ਲੰਬੀ ਵਿੱਚ ਘਰ-ਘਰ ਸਰਵੇ ਅਤੇ ਟੀ.ਬੀ ਰੋਗ ਦੇ ਨੈਸ਼ਨਲ ਪ੍ਰੋਗਰਾਮ ਸਬੰਧੀ ਦੋ ਮੀਟਿੰਗਾਂ ‘ਚ ਸਮਾਜਿਕ ਦੂਰੀ ਅਤੇ ਲਾਜ਼ਮੀ ਮਾਸਕ ਪਾਉਣ ਹਦਾਇਤਾਂ ਦੀਆਂ ਉਲੰਘਣਾ ਕੀਤੀ ਗਈ। ਸੂਤਰਾਂ ਅਨੁਸਾਰ ਦੁਪਹਿਰ 12 ਤੋਂ ਦੋ ਵਜੇ ਤੱਕ ਹੋਈਆਂ ਦੋਵੇਂ ਮੀਟਿੰਗਾਂ ਦੀ ਅਗਵਾਈ ਐੱਸ.ਐੱਮ.ਓ ਡਾ. ਜਗਦੀਸ਼ ਚਾਵਲਾ ਨੇ ਕੀਤੀ। ਸਿਹਤ ਅਮਲਾ ਨਾਲ-ਨਾਲ ਕੁਰਸੀਆਂ ‘ਤੇ ਬੈਠਾ ਹੋਇਆ ਸੀ। ਸੂਤਰਾਂ ਤੋਂ ਪਤਾ ਲੱਗਾ ਹੈ ਕਿ ਐਸ.ਐਮ.ਓ ਤੋਂ ਲੈ ਕੇ ਕਿਸੇ ਨੇ ਸਮਾਜਿਕ ਦੂਰੀ ਦੀ ਉਲੰਘਣਾ ‘ਤੇ ਧਿਆਨ ਨਹੀਂ ਦਿੱਤਾ ਜਦੋਂ ਕਿ ਸਿਹਤ ਅਮਲੇ ਨੂੰ ਸਮਾਜਿਕ ਦੂਰੀ ਅਤੇ ਮਾਸਕ ਪਹਿਨਣ ਦੇ ਸੰਦੇਸ਼ ਨੂੰ ਜਨਤਾ ਤੱਕ ਘਰ-ਘਰ ਪਹੁੰਚਾਉਣ ਦੇ ਨਿਰਦੇਸ਼ ਦਿੱਤੇ ਗਏ। ਪਤਾ ਲੱਗਿਆ ਹੈ ਕਿ ਘਰ-ਘਰ ਸਰਵੇ ਬਾਰੇ ਮੀਟਿੰਗ ‘ਚ 17 ਸੀ.ਐਚ.ਓਜ਼ ਸਮੇਤ ਲਗਪਗ ਦੋ ਦਰਜਨ ਮੁਲਾਜ਼ਮ ਮੌਜੂਦ ਸਨ। ਜ਼ਿਲ੍ਹਾ ਸ੍ਰੀ ਮੁਕਤਸਰ ਸਾਹਿਬ ਦੇ ਸਿਵਲ ਸਰਜਨ ਡਾ. ਹਰੀ ਨਰਾਇਣ ਸਿੰਘ ਦਾ ਕਹਿਣਾ ਸੀ ਕਿ ਮੀਟਿੰਗਾਂ ਤਾਂ ਸਰਕਾਰੀ ਕੰਮਕਾਜ ਦਾ ਹਿੱਸਾ ਹਨ ਪਰ ਸਮਾਜਿਕ ਦੂਰੀ ਤੇ ਮਾਸਕ ਪਹਿਨਣਾ ਲਾਜ਼ਮੀ ਹੈ। ਜੇਕਰ ਕੋਈ ਅਧਿਕਾਰੀ/ਕਰਮਚਾਰੀ ਉਲੰਘਣਾ ਕਰਦਾ ਹੈ ਤਾਂ ਉਸਦਾ ਖਿਲਾਫ਼ ਬਣਦੀ ਕਾਰਵਾਈ ਕੀਤੀ ਜਾਵੇਗੀ।