ਨਿੱਜੀ ਪੱਤਰ ਪ੍ਰੇਰਕ
ਬਰਨਾਲਾ, 30 ਜੁਲਾਈ
ਸੂਬਾ ਸਰਕਾਰ ਵੱਲੋਂ ਸਰਕਾਰੀ ਸਕੂਲਾਂ ਦੇ ਵਿਦਿਆਰਥੀਆਂ ਨੂੰ ਅਤਿ ਆਧੁਨਿਕ ਤਕਨੀਕ ਦੀਆਂ ਸਿੱਖਿਆ ਸੁਵਿਧਾਵਾਂ ਮੁਹੱਈਆ ਕਰਵਾਉਣ ਦੇ ਨਾਲ ਨਾਲ ਸਿਹਤ ਸਹੂਲਤਾਂ ਵੀ Àਉਪਲੱਬਧ ਕਰਵਾਈਆਂ ਜਾ ਰਹੀਆਂ ਹਨ। ਜ਼ਿਲ੍ਹਾ ਸਿੱਖਿਆ ਅਫਸਰ ਸੈਕੰਡਰੀ ਸਰਬਜੀਤ ਸਿੰਘ ਤੂਰ ਅਤੇ ਜ਼ਿਲ੍ਹਾ ਸਿੱਖਿਆ ਅਫਸਰ ਐਲੀਮੈਂਟਰੀ ਮਨਿੰਦਰ ਕੌਰ ਨੇ ਦੱਸਿਆ ਕਿ ਸਕੂਲ ਸਿੱਖਿਆ ਵਿਭਾਗ ਵੱਲੋਂ ਸਿਹਤ ਵਿਭਾਗ ਦੇ ਸਹਿਯੋਗ ਨਾਲ ਮਾਨਸਿਕ ਅਤੇ ਸਰੀਰਕ ਤੌਰ ’ਤੇ ਵਿਕਲਾਂਗ ਬੱਚਿਆਂ ਦੀ ਪੜ੍ਹਾਈ ਅਤੇ ਸਿਹਤ ਸੁਧਾਰ ਵਿਵਸਥਾਵਾਂ ਉਪਲਬਧ ਕਰਵਾਈਆਂ ਜਾ ਰਹੀਆਂ ਹਨ। ਸਰੀਰਕ ਤੌਰ ’ਤੇ ਅਪੰਗ ਵਿਦਿਆਰਥੀਆਂ ਨੂੰ ਉਨ੍ਹਾਂ ਦੀ ਅਪੰਗਤਾ ਅਨੁਸਾਰ ਸਹਾਇਕ ਮਸ਼ੀਨਾਂ ਉਪਲਬਧ ਕਰਵਾਈਆ ਜਾਂਦੀਆਂ ਹਨ। ਅਪੰਗ ਵਿਅਕਤੀਆਂ ਲਈ ਬੱਸ ਅਤੇ ਰੇਲ ਆਦਿ ਦੇ ਪਾਸਾਂ ਦੀ ਸਹੂਲਤ ਅਤੇ ਅਪੰਗਤਾ ਸਰਟੀਫਿਕੇਟ ਵੀ ਉਪਲਬਧ ਕਰਵਾਏ ਜਾਂਦੇ ਹਨ। ਸਰੀਰਕ ਅਪੰਗਤਾ ਦੇ ਅਪਰੇਸ਼ਨਾਂ ਉਪਰੰਤ ਫਿਜ਼ੀਓਥਰੈਪੀ ਇਲਾਜ ਦੀ ਵੀ ਵਿਵਸਥਾ ਹੈ। ਕਰੋਨਾ ਪਾਬੰਦੀਆਂ ਦੇ ਚੱਲਦਿਆਂ ਇਹ ਸਹੂਲਤ ਆਨਲਾਈਨ ਤਰੀਕੇ ਨਾਲ ਵੀ ਉਪਲੱਬਧ ਕਰਵਾਈ ਜਾ ਰਹੀ ਹੈ।