ਚੰਦਰ ਪ੍ਰਕਾਸ਼ ਕਾਲੜਾ
ਜਲਾਲਾਬਾਦ, 9 ਅਪਰੈਲ
ਸ਼ਹਿਰ ਦੇ ਫਾਜ਼ਿਲਕਾ ਰੋਡ ਸਥਿਤ ਨਸ਼ਾ ਛੁਡਾਊ ਕੇਂਦਰ ’ਚ ਬਿਨਾਂ ਪਰਚੀ ਦੇ ਦਵਾਈ ਦਿੱਤੇ ਜਾਣ ਦਾ ਮਾਮਲਾ ਉਸ ਸਮੇਂ ਗਰਮਾਇਆ ਗਿਆ ਜਦੋਂ ਸਿਹਤ ਵਿਭਾਗ ਦੀ ਟੀਮ ਨੇ ਹਸਪਤਾਲ ’ਚ ਬਾਹਰ ਨਿਕਲ ਰਹੇ ਨੌਜਵਾਨ ਸ਼ੱਕ ਦੇ ਆਧਾਰ ਤੇ ਰੋਕਿਆ ਅਤੇ ਰੋਕੇ ਜਾਣ ’ਤੇ ਜਦੋਂ ਉਸ ਕੋਲੋਂ ਪੁੱਛਗਿੱਛ ਕੀਤੀ ਤਾਂ ਉਸਨੇ ਮੰਨਿਆ ਕਿ ਉਹ 2 ਪੱਤੇ 610 ਰੁਪਏ ਵਿੱਚ ਲੈ ਕੇ ਆਇਆ ਹੈ। ਉਧਰ, ਇਸ ਛਾਪੇਮਾਰੀ ਦੌਰਾਨ ਵਿਧਾਇਕ ਗੋਲਡੀ ਕੰਬੋਜ ਵੀ ਮੌਜੂਦ ਸਨ। ਗੱਲਬਾਤ ਕਰਦਿਆਂ ਸਿਹਤ ਵਿਭਾਗ ਦੀ ਟੀਮ ਨੇ ਦੱਸਿਆ ਕਿ ਉਨ੍ਹਾਂ ਨੂੰ ਸ਼ਿਕਾਇਤ ਮਿਲੀ ਸੀ ਕਿ ਇਥੇ ਬਿਨਾਂ ਪਰਚੀ ਦੇ ਨਸ਼ਾ ਛੁਡਾਊ ਕੇਂਦਰ ’ਚ ਦਵਾਈ ਵੇਚੀ ਜਾ ਰਹੀ ਹੈ। ਅੱਜ ਜਦੋਂ ਉਹ ਇਸ ਸੈਂਟਰ ਵਿੱਚ ਪਹੁੰਚੇ ਤਾਂ ਇਥੋਂ ਬਾਹਰ ਨਿੱਕਲ ਰਹੇ ਨੌਜਵਾਨ ਨੇ ਮੰਨਿਆ ਕਿ ਉਹ ਬਿਨਾਂ ਪਰਚੀ ਤੋਂ 620 ਰੁਪਏ ਦੇ ਦੋ ਪੱਤੇ ਦਵਾਈ ਲੈ ਕੇ ਆਇਆ ਹੈ।
ਉਧਰ, ਸਿਹਤ ਵਿਭਾਗ ਕਰਮੀਆਂ ਨੇ ਦੱਸਿਆ ਕਿ ਇਸ ਸਬੰਧੀ ਹਸਪਤਾਲ ਦਾ ਰਿਕਾਰਡ ਚੈੱਕ ਕੀਤਾ ਜਾਵੇਗਾ ਅਤੇ ਜੇ ਬਿਨਾਂ ਪਰਚੀ ਦੇ ਦਵਾਈ ਦੇਣ ਦੇ ਮਾਮਲੇ ਸਾਹਮਣੇ ਆਏ ਤਾਂ ਬਣਦੀ ਕਾਰਵਾਈ ਵੀ ਕੀਤੀ ਜਾਵੇਗੀ। ਦੂਜੇ ਪਾਸੇ ਵਿਧਾਇਕ ਗੋਲਡੀ ਕੰਬੋਜ ਨੇ ਕਿਹਾ ਕਿ ਇਸ ਨਸ਼ਾ ਛੁਡਾਊ ਕੇਂਦਰ ’ਚ ਪਹਿਲਾਂ ਵੀ ਸ਼ਿਕਾਇਤਾਂ ਮਿਲ ਰਹੀਆਂ ਸਨ ਕਿ ਇਥੇ ਬਿਨਾਂ ਪਰਚੀ ਦੇ ਨੌਜਵਾਨਾਂ ਨੂੰ ਦਵਾਈ ਵੇਚੀ ਜਾ ਰਹੀ ਹੈ ਤੇ ਅੱਜ ਸਿਹਤ ਵਿਭਾਗ ਦੀ ਟੀਮ ਮੌਕੇ ’ਤੇ ਪਹੁੰਚੀ ਹੈ ਤੇ ਪੂਰੀ ਜਾਂਚ ਹੋਣੀ ਚਾਹੀਦੀ ਹੈ ਕਿ ਆਖਿਰਕਾਰ ਇਸ ਹਸਪਤਾਲ ’ਚ ਕਿਸੇ ਤਰ੍ਹਾਂ ਦਵਾਈ ਦੀ ਖੇਡ ਚੱਲ ਰਹੀ ਸੀ।