ਗੁਰਸੇਵਕ ਸਿੰਘ ਪ੍ਰੀਤ
ਸ੍ਰੀ ਮੁਕਤਸਰ ਸਾਹਿਬ, 11 ਸਤੰਬਰ
ਇੱਥੋਂ ਦੀ ਜ਼ਿਲ੍ਹਾ ਜੇਲ੍ਹ ਵਿੱਚ ਨਸ਼ਾ ਤਸਕਰੀ ਦੇ ਦੋਸ਼ਾਂ ਦਾ ਸਾਹਮਣਾ ਕਰ ਰਹੇ ਹਵਾਲਾਤੀ ਨੇ ਫਾਹਾ ਲੈ ਕੇ ਖ਼ੁਦਕੁਸ਼ੀ ਕਰ ਲਈ ਹੈ| ਮ੍ਰਿਤਕ ਦੀ ਪਛਾਣ ਸੁਰਿੰਦਰ ਸਿੰਘ (45) ਵਾਸੀ ਪਿੰਡ ਮਹਿਣਾ ਹਲਕਾ ਲੰਬੀ ਵਜੋਂ ਹੋਈ ਹੈ। ਜਾਣਕਾਰੀ ਅਨੁਸਾਰ ਸੁਰਿੰਦਰ ਸਿੰਘ 18 ਜੁਲਾਈ ਨੂੰ ਜੇਲ੍ਹ ਵਿੱਚ ਆਇਆ ਸੀ। ਉਸ ਨੇ ਸ਼ੁੱਕਰਵਾਰ ਨੂੰ ਜੇਲ੍ਹ ਦੀ ਬਾਰੀ ਨਾਲ ਪਰਨਾ ਬੰਨ੍ਹ ਕੇ ਫਾਹਾ ਲੈ ਲਿਆ ਸੀ| ਮ੍ਰਿਤਕ ਦੀ ਮਾਤਾ ਪਰਮਜੀਤ ਕੌਰ ਨੇ ਦੱਸਿਆ ਕਿ ਉਸ ਦਾ ਪੁੱਤਰ ਕਰਿਆਨੇ ਦੀ ਦੁਕਾਨ ਕਰਦਾ ਸੀ ਅਤੇ ਪੋਸਤ ਖਾਂਦਾ ਸੀ| ਗ੍ਰਿਫ਼ਤਾਰੀ ਵਾਲੇ ਦਿਨ ਵੀ ਉਹ ਡੇਢ ਸੌ ਗ੍ਰਾਮ ਪੋਸਤ ਮੁੱਲ ਲੈ ਕੇ ਆਇਆ ਸੀ| ਉਸੇ ਰਾਤ ਪੁਲੀਸ ਉਸ ਨੂੰ ਫੜ ਕੇ ਲੈ ਗਈ ਅਤੇ ਉਸ ਉੱਤੇ ਨਸ਼ੇ ਦੀਆਂ ਗੋਲੀਆਂ ਦਾ ਕੇਸ ਪਾ ਦਿੱਤਾ| ਉਨ੍ਹਾਂ ਦੱਸਿਆ ਕਿ ਸੁਰਿੰਦਰ ਇਸ ਝੂਠੇ ਕੇਸ ਤੋਂ ਪ੍ਰੇਸ਼ਾਨ ਸੀ| ਉਹ ਪਰਿਵਾਰ ਵਿੱਚ ਇਕੱਲਾ ਹੀ ਕਮਾਉਣ ਵਾਲਾ ਸੀ ਤੇ ਉਸ ਦੇ ਦੋ ਛੋਟੇ ਬੱਚੇ ਹਨ| ਉਨ੍ਹਾਂ ਨੇ ਉੱਚ ਅਧਿਕਾਰੀਆਂ ਤੋਂ ਇਨਸਾਫ਼ ਦੀ ਮੰਗ ਕੀਤੀ|
ਇਸ ਸਬੰਧੀ ਸਹਾਇਕ ਜੇਲ੍ਹ ਸੁਪਰਡੈਂਟ ਤਰਸੇਮ ਸਿੰਘ ਨੇ ਦੱਸਿਆ ਕਿ ਸੁਰਿੰਦਰ ਸਿੰਘ 18 ਜੁਲਾਈ ਨੂੰ ਹਵਾਲਾਤੀ ਦੇ ਤੌਰ ’ਤੇ ਜੇਲ੍ਹ ਵਿੱਚ ਆਇਆ ਸੀ| ਸ਼ੁੱਕਰਵਾਰ ਨੂੰ ਪੌਣੇ ਪੰਜ ਵਜੇ ਪਤਾ ਲੱਗਿਆ ਕਿ ਉਸ ਨੇ ਪਰਨੇ ਨਾਲ ਫਾਹਾ ਲੈ ਲਿਆ ਹੈ। ਉਸ ਨੂੰ ਤੁਰੰਤ ਸਰਕਾਰੀ ਹਸਪਤਾਲ ਲਿਜਾਇਆ ਗਿਆ ਜਿੱਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਕਰਾਰ ਦੇ ਦਿੱਤਾ| ਉਨ੍ਹਾਂ ਕਿਹਾ ਕਿ ਘਟਨਾ ਦੀ ਮੈਜਿਸਟ੍ਰੇਟੀ ਜਾਂਚ ਕੀਤੀ ਜਾ ਰਹੀ ਹੈ|