ਪੱਤਰ ਪ੍ਰੇਰਕ
ਰੂੜੇਕੇ ਕਲਾਂ, 16 ਸਤੰਬਰ
ਐੱਸਵਾਈਐੱਲ ਦੇ ਮਸਲੇ ’ਤੇ ਪੰਜਾਬ ਅਤੇ ਹਰਿਆਣਾ ਦਾ ਮਿਲ ਬੈਠ ਕੇ ਸਮਝੌਤਾ ਹੋਣਾ ਚਾਹੀਦੀ ਹੈ। ਇਹ ਗੱਲ ਭਾਰਤੀ ਕਿਸਾਨ ਯੂਨੀਅਨ ਲੱਖੋਵਾਲ ਦੇ ਸੂਬਾ ਪ੍ਰਧਾਨ ਅਜਮੇਰ ਸਿੰਘ ਲੱਖੋਵਾਲ ਨੇ ਇੱਥੇ ਇਕ ਸਮਾਗਮ ਵਿਚ ਹਾਜ਼ਰੀ ਲਗਾਉਣ ਉਪਰੰਤ ਕਹੀ। ਉਨ੍ਹਾਂ ਕਿਹਾ ਕਿ ਦੋਵੇਂ ਰਾਜਾਂ ਦੇ ਲੋਕਾਂ ਨੇ ਕਿਸਾਨ ਅੰਦੋਲਨ ਦੌਰਾਨ ਕੇਂਦਰ ਖ਼ਿਲਾਫ਼ ਇਕੱਠੇ ਹੋ ਕੇ ਲੜਾਈ ਲੜੀ ਅਤੇ ਭਵਿੱਖ ਵਿਚ ਵੀ ਕੇਂਦਰ ਦੀਆਂ ਕਿਸਾਨ ਮਾਰੂ ਨੀਤੀਆਂ ਖ਼ਿਲਾਫ਼ ਦੋਵੇ ਰਾਜਾਂ ਦੇ ਲੋਕਾਂ ਨੂੰ ਹੋਰ ਲੜਾਈਆਂ ਲੜਨੀਆਂ ਪੈਣਗੀਆ, ਇਸ ਕਰਕੇ ਪਾਣੀਆਂ ਦੇ ਮਸਲੇ ਤੇ ਆਪਸੀ ਏਕਤਾ ਨੂੰ ਭੰਗ ਨਹੀ ਕੀਤਾ ਜਾਣਾ ਚਾਹੀਦਾ। ਉਨ੍ਹਾਂ ਕਿਹਾ ਕਿ ਪੰਜਾਬ ਦੀਆਂ ਕਿਸਾਨ ਜਥੇਬੰਦੀਆਂ ਧਾਰਮਿਕ ਤੇ ਸਿਆਸੀ ਤੌਰ ਤੇ ਭਾਵੇਂ ਕਦੇ ਵੀ ਇਕੱਠੀਆਂ ਨਾ ਹੋਣ ਪਰ ਪੰਜਾਬ ਤੇ ਕਿਸਾਨੀ ਦੇ ਹਿੱਤਾਂ ਲਈ ਹਮੇਸ਼ਾ ਮਿਲ ਕੇ ਲੜਦੀਆਂ ਰਹਿਣਗੀਆਂ। ਉਨ੍ਹਾਂ ਕਿਹਾ ਕਿ ਰਾਜੇਵਾਲ ਤੇ ਬਾਕੀ ਜਥੇਬੰਦੀਆਂ ਦਾ ਚੋਣਾਂ ਲੜਨਾ ਗ਼ਲਤ ਫੈਸਲਾ ਸੀ ਜੋਂ ਬਲਵੀਰ ਸਿੰਘ ਰਾਜੇਵਾਲ ਨੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦੀ ਚੁੱਕ ਵਿੱਚ ਆ ਕੇ ਫੈਸਲਾ ਲਿਆ ਸੀ। ਉਨ੍ਹਾਂ ਕਿਹਾ ਜੇ ਪੰਜਾਬ ਦੀਆਂ ਬਾਕੀ ਕਿਸਾਨ ਜਥੇਬੰਦੀਆਂ ਪਾਣੀ ਪ੍ਰਦੂਸ਼ਿਤ ਕਰ ਰਹੇ ਕਾਰਪੋਰੇਟਾਂ ਖ਼ਿਲਾਫ਼ ਕੋਈ ਸੰਘਰਸ਼ ਕਰਨਗੀਆਂ ਤਾਂ ਉਨ੍ਹਾਂ ਦੀ ਜਥੇਬੰਦੀ ਮਿਲ ਕੇ ਲੜਨ ਲਈ ਵਿਚਾਰ ਕਰੇਗੀ।
ਭਾਰਤ-ਪਾਕਿ ਵਪਾਰ ਮਾਰਗ ਖੋਲ੍ਹਣ ਦੀ ਮੰਗ
ਬੋਹਾ (ਪੱਤਰ ਪ੍ਰੇਰਕ): ਭਾਰਤੀ ਕਿਸਾਨ ਯੂਨੀਅਨ (ਲੱਖੋਵਾਲ) ਬਲਾਕ ਬੋਹਾ ਦੀ ਮੀਟਿੰਗ ਯੂਨੀਅਨ ਦੇ ਜ਼ਿਲ੍ਹਾ ਪ੍ਰਧਾਨ ਦਰਸ਼ਨ ਸਿੰਘ ਜਟਾਣਾ ਦੀ ਅਗਵਾਈ ਹੇਠ ਸਥਾਨਕ ਗੁਰਦੁਆਰੇ ਵਿੱਚ ਹੋਈ। ਉਨ੍ਹਾਂ ਕਿਹਾ ਕਿ ਲਖੀਮਪੁਰ ਖੀਰੀ ਕਾਂਡ ਦੇ ਦੋਸ਼ੀਆਂ ਨੂੰ ਸ਼ਜਾ ਦਿਵਾਉਣ ਲਈ ਕਿਸਾਨ ਸੰਯੁਕਤ ਮੋਰਚੇ ਵੱਲੋਂ 3 ਅਕਤੂਬਰ ਨੂੰ ਰੋਸ ਮਾਰਚ ਕੀਤਾ ਜਾ ਰਿਹਾ ਹੈ। ਯੂਨੀਅਨ ਦੇ ਸੂਬਾਈ ਮੀਤ ਪ੍ਰਧਾਨ ਬਾਬਾ ਪ੍ਰਸ਼ੋਤਮ ਸਿੰਘ ਗਿੱਲ ਨੇ ਕੇਂਦਰ ਸਰਕਾਰ ਤੋਂ ਮੰਗ ਕੀਤੀ ਕਿ ਕਿਸਾਨਾਂ ਦਾ ਆਰਥਿਕ ਪੱਧਰ ਉੱਪਰ ਚੁੱਕਣ ਲਈ ਭਾਰਤ-ਪਾਕਿਸਤਾਨ ਦੇ ਸਾਰੇ ਵਪਾਰ ਮਾਰਗ ਖੋਲ੍ਹ ਦਿੱਤੇ ਜਾਣ।