ਪੱਤਰ ਪ੍ਰੇਰਕ
ਮਾਨਸਾ, 3 ਅਗਸਤ
ਲੰਬੇ ਸਮੇਂ ਤੋਂ ਟਰੱਕਾਂ ਦੀ ਢੋਆ-ਢੋਆਈ ਅਤੇ ਫਾਟਕ ਬੰਦ ਰਹਿਣ ਕਾਰਨ ਸ਼ਹਿਰ ਵਾਸੀਆਂ ਨੂੰ ਆ ਰਹੀਆਂ ਮੁਸ਼ਕਲਾਂ ਦਾ ਮੁੱਦਾ ਸਾਬਕਾ ਕੇਂਦਰੀ ਮੰਤਰੀ ਅਤੇ ਬਠਿੰਡਾ ਤੋਂ ਮੈਂਬਰ ਪਾਰਲੀਮੈਂਟ ਹਰਸਿਮਰਤ ਕੌਰ ਬਾਦਲ ਨੇ ਲੋਕ ਸਭਾ ਵਿੱਚ ਚੁੱਕਿਆ ਹੈ। ਸ਼ਹਿਰ ਦੇ ਰੇਲਵੇ ਸਟੇਸ਼ਨ ’ਤੇ ਮਾਲ ਗੱਡੀਆਂ ਵਿੱਚ ਭਰਾਈ ਅਤੇ ਹੋਰ ਢੋਆ-ਢੋਆਈ ਅਕਸਰ ਟਰੱਕਾਂ ਦੁਆਰਾ ਕੀਤੀ ਜਾਂਦੀ ਹੈ। ਇਹ ਟਰੱਕ ਸਟੇਸ਼ਨ ਤੋਂ ਮਾਲ ਲੈ ਕੇ ਸ਼ਹਿਰ ਵਿਚਕਾਰਲੇ ਰੇਲਵੇ ਫਾਟਕ ਤੋਂ ਹੁੰਦੇ ਹੋਏ ਸਿਰਸਾ ਰੋਡ ਸਥਿਤ ਗੁਦਾਮਾਂ ਵਿੱਚ ਪਹੁੰਚਾਉਂਦੇ ਹਨ। ਪਹਿਲਾਂ ਰੇਲਵੇ ਸਟੇਸ਼ਨ ਚਾਰੇ ਪਾਸਿਓਂ ਖੁੱਲ੍ਹਾ ਹੋਣ ਕਾਰਨ ਇਹ ਮਾਲ ਗੱਡੀਆਂ ਦਸਹਿਰਾ ਗਰਾਊਂਡ ਵਾਲੇ ਪਾਸੇ ਖੜ੍ਹੀਆਂ ਹੁੰਦੀਆਂ ਸਨ, ਪਰ ਹੁਣ ਸਟੇਸ਼ਨ ਦੇ ਨਵੀਨੀਕਰਨ ਮਗਰੋਂ ਇਹ ਮਾਲ ਗੱਡੀਆਂ ਸਟੇਸ਼ਨ ਦੇ ਸਾਹਮਣੇ ਵੱਖਰੇ ਰੇਲ ਟਰੈਕ ’ਤੇ ਖੜ੍ਹੀਆਂ ਹੁੰਦੀਆਂ ਹਨ। ਇੱਥੇ ਵੱਡੀ ਗਿਣਤੀ ਟਰੱਕ ਖੜ੍ਹਨ ਕਾਰਨ ਸ਼ਹਿਰ ਦੀ ਅੱਧੀ ਆਬਾਦੀ ਰੇਲਵੇ ਸਟੇਸ਼ਨ ਨਾਲੋਂ ਕੱਟੀ ਜਾਂਦੀ ਹੈ।
ਬੀਬਾ ਬਾਦਲ ਨੇ ਕਿਹਾ ਕਿ ਸ਼ਹਿਰ ਦੇ ਵਿਚਲੇ ਰੇਲਵੇ ਫਾਟਕ ਤੋਂ ਇਹ ਮਾਲ ਗੱਡੀਆਂ ਵਿੱਚ ਮਾਲ ਭਰਨ ਅਤੇ ਲਿਜਾਣ ਲਈ ਲੋਡ ਟਰੱਕ ਇੱਥੋਂ ਦੀ ਲੰਘਦੇ ਹਨ। ਇਸ ਤੋਂ ਇਲਾਵਾ ਹੋਰ ਆਵਾਜਾਈ ਅਤੇ ਸਕੂਲੀ ਬੱਚਿਆਂ ਦਾ ਵੀ ਇੱਥੋਂ ਦੀ ਹੀ ਲਾਂਘਾ ਹੈ।
ਸਾਬਕਾ ਕੇਂਦਰੀ ਮੰਤਰੀ ਨੇ ਕਿਹਾ ਕਿ ਕੇਂਦਰ ਸਰਕਾਰ ਇਹ ਮਾਲ ਗੱਡੀਆਂ ਖੜ੍ਹੀਆਂ ਕਰਨ ਦੀ ਵਿਵਸਥਾ ਇੱਥੋਂ ਥੋੜ੍ਹੀ ਦੂਰ ਨਰਿੰਦਰਪੁਰਾ ਵਿੱਚ ਬਣਾਵੇ।