ਪੱਤਰ ਪ੍ਰੇਰਕ
ਬਰੇਟਾ, 9 ਫਰਵਰੀ
ਪੰਜਾਬ ਵਿੱਚ ਪਿਛਲੇ ਪੰਜ ਸਾਲਾਂ ਦੌਰਾਨ ਬੇਰੁਜ਼ਗਾਰ ਨੌਜਵਾਨਾਂ ਦੀ ਗਿਣਤੀ ਵਿੱਚ ਵਾਧਾ ਹੋਇਆ ਹੈ। ਜਦੋਂ ਕਾਂਗਰਸ ਦੀ ਬੇੜੀ ਡੁੱਬਦੀ ਹੋਈ ਦਿਖਾਈ ਦਿੱਤੀ ਤਾਂ ਚਰਨਜੀਤ ਸਿੰਘ ਚੰਨੀ ਨੂੰ ਅੱਗੇ ਲਿਆਂਦਾ ਗਿਆ, ਜਿਸ ਨੇ ਅਨੇਕਾਂ ਝੂਠੇ ਵਾਅਦੇ ਕੀਤੇ ਅਤੇ ਥਾਂ-ਥਾਂ ’ਤੇ ਬੋਰਡ ਲਗਾ ਕੇ ਜਨਤਾ ਦੇ ਪੈਸਿਆਂ ਨੂੰ ਬਰਬਾਦ ਕੀਤਾ। ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਸਾਬਕਾ ਕੇਂਦਰੀ ਮੰਤਰੀ ਹਰਸਿਮਰਤ ਕੌਰ ਬਾਦਲ ਨੇ ਇਥੋਂ ਦੀ ਅਨਾਜ ਮੰਡੀ ਵਿੱਚ ਵੱਡੇ ਇਕੱਠ ਨੂੰ ਸੰਬੋਧਨ ਕਰਦਿਆਂ ਕੀਤਾ। ਉਨ੍ਹਾਂ ਕਿਹਾ ਕਿ ਦੂਜੇ ਪਾਸੇ ਦਿੱਲੀ ਤੋਂ ਆ ਕੇ ਇਕ ਹੋਰ ਪਾਰਟੀ ਨੇ ਇੱਕ ਮੌਕਾ ਦੇਣ ਦੀ ਮੰਗ ਕਰਦੇ ਹੋਏ ਲੋਕਾਂ ਨੂੰ ਭਰਮਾਉਣਾ ਸ਼ੁਰੂ ਕੀਤਾ ਹੈ। ਇਨ੍ਹਾਂ ਪਾਰਟੀਆਂ ਵੱਲੋਂ ਆਪਣੇ ਮੁੱਖ ਮੰਤਰੀਆਂ ਦੇ ਚਿਹਰੇ ਸਾਹਮਣੇ ਲਿਆ ਕੇ ਵੱਡੇ-ਵੱਡੇ ਵਾਅਦੇ ਕੀਤੇ ਗਏ ਹਨ। ਸਾਬਕਾ ਕੇਂਦਰੀ ਮੰਤਰੀ ਹਰਸਿਮਰਤ ਕੌਰ ਬਾਦਲ ਨੇ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਇੱਕ ਅਜਿਹੀ ਪਾਰਟੀ ਹੈ, ਜਿਸ ਨੇ ਜੋ ਕਿਹਾ ਉਹ ਪੂਰਾ ਕੀਤਾ ਹੈ। ਇਸ ਮੌਕੇ ਰਾਜੇਸ਼ ਸਿੰਗਲਾ, ਸਿਕੰਦਰ ਸਿੰਘ ਜੈਲਦਾਰ, ਸੁਮੇਸ਼ ਬਾਲੀ, ਬਲਜਿੰਦਰ ਸਿੰਘ ਆਦਿ ਸ਼ਾਮਲ ਸਨ।