ਮਹਿੰਦਰ ਸਿੰਘ ਰੱਤੀਆਂ
ਮੋਗਾ, 22 ਅਕਤੂਬਰ
ਸਾਬਕਾ ਕੇਂਦਰੀ ਮੰਤਰੀ ਤੇ ਬਠਿੰਡਾਂ ਤੋਂ ਲੋਕ ਸਭਾ ਮੈਂਬਰ ਹਰਸਿਮਰਤ ਕੌਰ ਬਾਦਲ ਦਾ ਅੱਜ ਬਾਘਾਪੁਰਾਣਾ ਵਿੱਚ ਕਿਸਾਨਾ ਵੱਲੋਂ ਕਾਲੀਆਂ ਝੰਡੀਆਂ ਨਾਲ ਵਿਰੋਧ ਕੀਤਾ ਗਿਆ। ਉਹ ਅੱਜ ਬਾਘਾਪੁਰਾਣਾ, ਮੋਗਾ ਅਤੇ ਨਿਹਾਲ ਸਿੰਘ ਵਾਲਾ ਵਿਧਾਨ ਸਭਾ ਹਲਕਿਆਂ ਵਿੱਚ ਵਰਕਰ ਮੀਟਿੰਗ ਕਰਨ ਪੁੱਜੇ ਹਨ। ਬਾਘਾਪੁਰਾਣਾ ਵਿਖੇ ਸਾਬਕਾ ਕੇਂਦਰੀ ਮੰਤਰੀ ਹਰਸਿਮਰਤ ਕੌਰ ਬਾਦਲ ਦਾ ਕਿਸਾਨਾਂ ਵੱਲੋਂ ਜਬਰਦਸਤ ਵਿਰੋਧ ਕੀਤਾ ਗਿਆ। ਕਿਸਾਨਾਂ ਨੇ ਬੀਬੀ ਬਾਦਲ ਦੀਆਂ ਗੱਡੀਆਂ ਦੇ ਕਾਫ਼ਲੇ ਨੂੰ ਕਾਲੇ ਝੰਡੇ ਦਿਖਾਏ ਅਤੇ ਨਾਅਰੇਬਾਜ਼ੀ ਕੀਤੀ। ਇਸ ਪ੍ਰਦਰਸ਼ਨ ਦੌਰਾਨ ਵੱਡੀ ਗਿਣਤੀ ਵਿੱਚ ਪੁਲੀਸ ਵੀ ਤਾਇਨਾਤ ਕੀਤੀ ਗਈ ਸੀ। ਕਿਸਾਨਾਂ ਤੇ ਪੁਲੀਸ ਦੇ ਵਿਚਕਾਰ ਮਾਹੌਲ ਤਣਾਅਪੂਰਨ ਵਿਖਾਈ ਦਿੱਤਾ। ਬੜੀ ਮੁਸ਼ਕਲ ਦੇ ਨਾਲ ਪੁਲੀਸ ਵੱਲੋਂ ਉਨ੍ਹਾਂ ਦੇ ਕਾਫਲੇ ਨੂੰ ਉੱਥੋਂ ਕੱਢਿਆ ਗਿਆ। ਦੂਜੇ ਪਾਸੇ ਹਰਸਿਮਰਤ ਬਾਦਲ ਨੇ ਸੂਬੇ ਦੀ ਹਕੂਮਤ ਨੂੰ ਨਿਸ਼ਾਨੇ ਉੱਤੇ ਲੈਂਦੇ ਕਿਹਾ ਕਿ ਕਾਂਗਰਸ ਨੇ ਜਿਹੜੇ ਵਾਅਦੇ ਕੀਤੇ ਸੀ ਉਹ ਕਿਧਰੇ ਨਹੀਂ ਦਿਖਾਈ ਦੇ ਰਹੇ।